Home » News » Crime » ਅੱਧੀ ਰਾਤ ਨੂੰ ਜਵਾਈ ਨੇ ਖੇਡੀ ਖੂਨੀ ਖੇਡ; ਪਤਨੀ, ਸੱਸ- ਸਹੁਰੇ ਨੂੰ ਚਾਕੂਆਂ ਨਾਲ ਵਿੰਨ ਕੇ ਕੀਤਾ ਕਤਲ

ਅੱਧੀ ਰਾਤ ਨੂੰ ਜਵਾਈ ਨੇ ਖੇਡੀ ਖੂਨੀ ਖੇਡ; ਪਤਨੀ, ਸੱਸ- ਸਹੁਰੇ ਨੂੰ ਚਾਕੂਆਂ ਨਾਲ ਵਿੰਨ ਕੇ ਕੀਤਾ ਕਤਲ

ਪਤਨੀ, ਸੱਸ ਤੇ ਸਹੁਰੇ ਨੂੰ ਕਤਲ ਕਰਕੇ ਮੌਤ ਨਾਲ ਖੇਡਣ ਲਈ ਵੰਗਾਰਦਾ ਰਿਹਾ ਲੋਕਾਂ ਨੂੰ

ਫਿਰੋਜ਼ਪੁਰ,(JT NEWS TEAM) 6 ਸਤੰਬਰ:- ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੀ ਨਹਿਰ ਕਲੋਨੀ ਵਿਖੇ ਨਸ਼ੇ ਵਿਚ ਧੁੱਤ ਇਕ ਨੌਜਵਾਨ ਨੇ ਬੀਤੀ ਰਾਤ ਆਪਣੇ ਸਹੁਰੇ ਘਰ ਦਾਖਲ ਹੋ ਕੇ ਤੇਜ਼ਧਾਰ ਕਿਰਚ ਨਾਲ ਹਮਲਾ ਕਰਕੇ ਆਪਣੀ ਪਤਨੀ, ਸੱਸ ਅਤੇ ਸਹੁਰੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਦ ਕਿ ਆਪਣੇ ਸਾਲੇ ਅਤੇ ਸਾਲੇਹਾਰ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਇਸ ਸਬੰਧੀ ਸਿਵਲ ਹਸਪਤਾਲ ਜ਼ੀਰਾ ਵਿਖੇ ਜੇਰੇ ਇਲਾਜ ਸਾਹਿਬ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਨ੍ਹਾਂ ਦਾ ਪਰਿਵਾਰ ਘਰ ਵਿਚ ਸੁੱਤਾ ਪਿਆ ਸੀ ਤਾਂ ਉਸ ਦਾ ਜੀਜਾ ਕ੍ਰਿਸ਼ਨ ਵਾਸੀ ਪਿੰਡ ਦੁੱਨੇ ਕੇ ਜ਼ਿਲਾ ਮੋਗਾ ਰਾਤ ਕਰੀਬ 1.30 ਵਜੇ ਉਨ੍ਹਾਂ ਦੇ ਘਰ ਦਾਖਲ ਹੋਇਆ ਅਤੇ ਉਸ ਦੇ ਸੁੱਤੇ ਪਏ ਪਰਿਵਾਰ ‘ਤੇ ਤੇਜ਼ਧਾਰ ਕਿਰਚ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਉਸ ਦੇ ਪਿਤਾ ਮੰਗਲ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਦੀ ਭੈਣ ਰੀਨਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਜ਼ੀਰਾ ਦੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੇ ਜਾਂਦੇ ਸਮੇਂ ਰਸਤੇ ਵਿਚ ਉਸ ਦੀ ਵੀ ਮੌਤ ਹੋ ਗਈ ਅਤੇ ਸਾਹਿਬ ਸਿੰਘ ਤੇ ਉਸ ਦੀ ਪਤਨੀ ਅਮਨ ਕੌਰ ਜ਼ਖਮੀ ਹੋ ਗਏ।
ਸਾਹਿਬ ਸਿੰਘ ਨੇ ਦੱਸਿਆ ਕਿ ਉਸ ਦੇ ਜੀਜੇ ਕ੍ਰਿਸ਼ਨ ਅਤੇ ਉਸ ਦੀ ਭੈਣ ਵਿਚਕਾਰ ਮਾਮੂਲੀ ਝਗੜਾ ਹੋ ਗਿਆ ਸੀ ਜਿਸ ਕਰਕੇ ਉਹ ਅਪਣੀ ਭੈਣ ਨੂੰ ਆਪਣੇ ਘਰ ਲੈ ਆਏ ਸਨ ਅਤੇ ਬੀਤੀ ਰਾਤ ਉਸ ਦੇ ਜੀਜੇ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਇਸ ਸਬੰਧੀ ਐਸ.ਐਚ.ਓ. ਥਾਣਾ ਸਿਟੀ ਜ਼ੀਰਾ ਇਕਬਾਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਕ੍ਰਿਸ਼ਨ ਨੇ ਕਿਰਚ ਨਾਲ ਆਪਣੇ ਆਪ ਨੂੰ ਵੀ ਜ਼ਖਮੀ ਕਰ ਲਿਆ, ਜਿਸ ਦਾ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਇਲਾਜ ਚੱਲ ਰਿਹਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕ੍ਰਿਸ਼ਨ ਲਗਭਗ ਇਕ ਘੰਟਾ ਮੁਹੱਲੇ ਵਿਚ ਹੀ ਦਨਦਨਾਉਂਦਾ ਫਿਰਦਾ ਰਿਹਾ ਅਤੇ ਮੁਹੱਲਾ ਵਾਸੀਆਂ ਨੂੰ ਵੀ ਮੌਤ ਨਾਲ ਖੇਡਣ ਲਈ ਵੰਗਾਰਦਾ ਰਿਹਾ। ਐੱਸ.ਐੱਸ.ਪੀ. ਫਿਰੋਜ਼ਪੁਰ ਗੌਰਵ ਗਰਗ, ਐੱਸ.ਪੀ.ਡੀ. ਅਜਮੇਰ ਸਿੰਘ ਬਾਠ, ਡੀ .ਐੱਸ.ਪੀ. ਜ਼ੀਰਾ ਜਸਪਾਲ ਸਿੰਘ ਢਿਲੋਂ, ਐੱਸ.ਐੱਚ.ਓ. ਸਿਟੀ ਇਕਬਾਲ ਸਿੰਘ, ਐੱਸ.ਐੱਚ.ਓ. ਸਦਰ ਜਤਿੰਦਰ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਅਤੇ ਦੋਸ਼ੀ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।

Leave a Reply

Your email address will not be published. Required fields are marked *

*