Home » Punjab » ਚੇਅਰਮੈਨ (ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ) ਨੇ ਕੀਤੀ ਕਿਸਾਨਾਂ ਨਾਲ ਵਿਚਾਰ ਗੋਸ਼ਟੀ

ਚੇਅਰਮੈਨ (ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ) ਨੇ ਕੀਤੀ ਕਿਸਾਨਾਂ ਨਾਲ ਵਿਚਾਰ ਗੋਸ਼ਟੀ

ਵਾਤਾਵਰਨ ਨੂੰ ਧਿਆਨ ਵਿੱਚ ਰੱਖਦਿਆਂ ਪਰਾਲੀ ਨਾ ਸਾੜਨ ਤੇ ਪਟਾਕਿਆਂ ਦੀ ਪਾਬੰਦੀ ਬਾਰੇ ਦਿੱਤੀ ਜਾਣਕਾਰੀ


ਲੁਧਿਆਣਾ(JT NEWS TEAM), 15 ਅਕਤੂਬਰ:- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਅਤੇ ਵਾਤਾਵਰਣ ਬਚਾਉਣ ਲਈ ਸਰਕਟ ਹਾਊਸ ਲੁਧਿਆਣਾ ਵਿਖੇ ਕਿਸਾਨ ਗੋਸ਼ਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲਿਆ। ਇਸ ਗੋਸ਼ਟੀ ਵਿੱਚ ਸ. ਕਾਹਨ ਸਿੰਘ ਪੰਨੂ (ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ) ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਸ. ਕਾਹਨ ਸਿੰਘ ਪੰਨੂ (ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ) ਨੇ ਕਿਹਾ ਕਿ ਕਿਸਾਨਾਂ ਦੀ ਆਮ ਸ਼ਿਕਾਇਤ ਹੁੰਦੀ ਹੈ ਕਿ ਆਮ ਨਾਗਰਿਕ ਦੁਸ਼ਹਿਰਾ ਅਤੇ ਦੀਵਾਲੀ ਵਰਗੇ ਤਿਉਹਾਰਾਂ ‘ਤੇ ਕਰੋੜਾਂ ਰੂਪਏ ਦੇ ਪਟਾਕੇ ਚਲਾ ਕੇ ਵਾਤਾਵਰਣ ਪ੍ਰਦੂਸ਼ਿਤ ਕਰਦੇ ਹਨ ਅਤੇ ਪਰ ਸਿਰਫ ਕਿਸਾਨਾਂ ਨੂੰ ਵਾਤਾਵਰਣ ਪ੍ਰਦੂਸ਼ਿਤ ਕਰਨ ਦਾ ਭਾਗੀਦਾਰ ਬਣਾਇਆ ਜਾਂਦਾ ਹੈ। ਇਸ ਸੰਬੰਧੀ ਉਹਨਾਂ ਦੱਸਿਆ ਕਿ ਮਾਨਯੋਗ ਹਾਈਕੋਰਟ (ਪੰਜਾਬ ਅਤੇ ਹਰਿਆਣਾ) ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਿਰਫ ਦੀਵਾਲੀ ਵਾਲੇ ਦਿਨ ਹੀ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਹਨ, ਇਸ ਨਾਲ ਵੀ ਕਾਫੀ ਪ੍ਰਦੂਸ਼ਣ ਘਟੇਗਾ।
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਖੇਤਾਂ ਵਿੱਚ ਹੀ ਰਲਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ । ਉਨ੍ਹਾਂ ਕਿਸਾਨਾਂ ਨੂੰ ਪੰਜਾਬ ਸਰਕਾਰ ਅਤੇ ਬੋਰਡ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਡਾ. ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਸਾਂਭਣ ਦੇ ਹਰ ਤਰੀਕੇ ਅਪਨਾ ਰਹੇ ਹਨ, ਜਿਸ ਤਰ੍ਹਾਂ ਪਰਾਲੀ ਦੀਆਂ ਗੰਢਾਂ ਬਣਾ ਕੇ ਬਿਜਲੀ ਬਣਾਉਣ ਵਾਲੇ ਘਰਾਂ ਨੂੰ ਭੇਜਣਾ, ਚੌਪਰ ਜਾਂ ਸਰੈਂਡਰ ਨਾਲ ਪਰਾਲੀ ਨੂੰ ਬਰੀਕ ਕਰਕੇ ਉਲਟਾਵੇਂ ਹਲ ਨਾਲ ਪਰਾਲੀ ਨੂੰ ਜ਼ਮੀਨ ਵਿੱਚ ਦੱਬਣਾ, ਫਿਰ ਰੋਟਾਵੇਟਰ ਚਲਾ ਕੇ ਜ਼ਮੀਨ ਤਿਆਰ ਕਰਨਾ ਜਾਂ ਪਰਾਲੀ ਵਾਲੇ ਖੇਤ ਵਿੱਚ ਪਾਣੀ ਛੱਡ ਕੇ ਰੋਟਾਵੇਟਰ ਮਾਰਨਾ ਜਾਂ ਪਰਾਲੀ ਦੀ ਤੂੜੀ ਬਣਾਕੇ ਗਊਸ਼ਾਲਾ ਨੂੰ ਦੇਣਾ ਆਦਿ।

ਇਸ ਤੋਂ ਇਲਾਵਾ ਪੀ.ਏ.ਯੂ. ਹੈਪੀਸੀਡਰ ਨਾਲ ਖੜੀ ਪਰਾਲੀ ਵਿੱਚ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ । ਉਨ੍ਹਾਂ ਦੱਸਿਆ ਕਿ ਇੱਕ ਟਨ ਪਰਾਲੀ ਵਿੱਚ 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼, 1.2 ਕਿਲੋ ਸਲਫਰ ਅਤੇ 50-70% ਛੋਟੇ ਤੱਤ ਪਾਏ ਜਾਂਦੇ ਹਨ । ਪਰਾਲੀ ਸਾੜਨ ਨਾਲ ਇਹ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਵਾਤਾਵਰਣ ਪਲੀਤ ਹੁੰਦਾ ਹੈ। ਇਸ ਸਮੇਂ ਅਗਾਂਹਵਧੂ ਕਿਸਾਨਾਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਵਾਤਾਵਰਨ ਇੰਜੀਨੀਅਰ ਸ੍ਰੀ ਏ. ਕੇ. ਕਲਸੀ, ਕਾਰਜਕਾਰੀ ਇੰਜੀਨੀਅਰ ਸ੍ਰ. ਜੀ. ਐੱਸ. ਗਿੱਲ ਤੇ ਅਵਤਾਰ ਸਿੰਘ, ਇੰਜੀਨੀਅਰ ਸ੍ਰੀ ਮਨੋਹਰ ਲਾਲ, ਇੰਜੀਨੀਅਰ ਸ੍ਰ. ਐੱਸ. ਐੱਸ. ਧਾਲੀਵਾਲ, ਡਾ. ਨਿਰਮਲ ਸਿੰਘ, ਡਾ: ਹਰਦੇਵ ਸਿੰਘ, ਡਾ. ਜਤਿੰਦਰ ਪਾਲ ਸਿੰਘ (ਖੇਤੀਬਾੜੀ ਅਫਸਰ), ਡਾ. ਪਰਦੀਪ ਸਿੰਘ ਟਿਵਾਣਾ, ਡਾ. ਜਤਿੰਦਰ ਸਿੰਘ, ਡਾ. ਧੰਨਰਾਜ ਸਿੰਘ (ਏ.ਡੀ.ਓ) ਸ਼੍ਰੀ ਰਵਿੰਦਰ ਸਿੰਘ, ਏ.ਈ.ਓ ਅਤੇ ਅਗਾਂਹਵਧੂ ਕਿਸਾਨ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *

*