Home » National » ਛੇਤੀ ਹੀ ਦੇਖਣ ਨੂੰ ਮਿਲ ਸਕਦੀ ਹੈ ਹਨੀਪ੍ਰੀਤ; ਭਾਰਤ ਵਿੱਚ ਹੀ ਹੋਣ ਦੇ ਮਿਲੇ ਸੰਕੇਤ

ਛੇਤੀ ਹੀ ਦੇਖਣ ਨੂੰ ਮਿਲ ਸਕਦੀ ਹੈ ਹਨੀਪ੍ਰੀਤ; ਭਾਰਤ ਵਿੱਚ ਹੀ ਹੋਣ ਦੇ ਮਿਲੇ ਸੰਕੇਤ

ਦਿੱਲੀ ਹਾਈਕੋਰਟ ਵਿੱਚ ਲਗਾਈ ਅਗਲੇਰੀ ਜਮਾਨਤ ਦੀ ਅਰਜ਼ੀ

ਨਵੀਂ ਦਿੱਲੀ (JT NEWS TEAM), 25 ਸਤੰਬਰ:- ਪਿਛਲੇ ਇੱਕ ਮਹੀਨੇ ਤੋਂ ਗਾਇਬ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀ ਖ਼ਾਸ ਹਨੀਪ੍ਰੀਤ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਗੁਰਮੀਤ ਸਿੰਘ ਰਾਮ ਰਹੀਮ ਵੱਲੋਂ ਸਜ਼ਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦੇਣ ਤੋਂ ਬਾਅਦ ਹੁਣ ਹਨੀਪ੍ਰੀਤ ਨੇ ਵੀ ਦਿੱਲੀ ਹਾਈਕੋਰਟ ਵਿਚ ਅਗਾਊਂ ਜ਼ਮਾਨਤ ਅਰਜ਼ੀ ਦਾਇਰ ਕਰ ਦਿੱਤੀ ਹੈ। ਇਸ ‘ਤੇ ਮੰਗਲਵਾਰ ਨੂੰ ਸੁਣਵਾਈ ਹੋਵੇਗੀ। ਦੱਸ ਦੇਈਏ ਕਿ 25 ਅਗਸਤ ਨੂੰ ਗੁਰਮੀਤ ਸਿੰਘ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਉਪਰੰਤ ਜੋ ਹਿੰਸਾ ਹੋਈ ਸੀ ਉਸ ਲਈ ਹਨੀਪ੍ਰੀਤ ਦੇ ਖਿਲ਼ਾਫ਼ ਹਰਿਆਣਾ ਪੁਲਿਸ ਨੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਹੋਇਆ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਪਰ ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਪੁਲਿਸ ਦੇ ਹੱਥ ਨਹੀਂ ਆ ਰਹੀ।

ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ ਸੋਮਵਾਰ ਨੂੰ ਸਾਧਵੀ ਯੌਨ ਸ਼ੋਸਣ ਮਾਮਲੇ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਸੁਣਾਈ 20 ਸਾਲ ਕੈਦ ਦੀ ਸਜ਼ਾ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੈ। ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ। ਇਸ ਤੋਂ ਬਾਅਦ ਖ਼ਬਰ ਆਈ ਹੈ ਕਿ ਹਨੀਪ੍ਰੀਤ ਵੱਲੋਂ ਦਿੱਲੀ ਹਾਈਕੋਰਟ ਵਿਚ ਅਗਾਊਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਹੈ।

25 ਅਗਸਤ ਤੋਂ ਗਾਇਬ ਹੈ ਹਨੀਪ੍ਰੀਤ

ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਰੇਪ ਕਰਨ ਦੇ ਮਾਮਲੇ ਵਿਚ 25 ਅਗਸਤ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਤੋਂ ਹੀ ਹਨੀਪ੍ਰੀਤ ਗਾਇਬ ਹੈ। ਉਹ ਗੁਰਮੀਤ ਸਿੰਘ ਰਾਮ ਰਹੀਮ ਨੂੰ ਹੈਲੀਕਾਪਟਰ ਵਿਚ ਪੰਚਕੂਲਾ ਤੋਂ ਰੋਹਤਕ ਲਿਆਂਦੇ ਜਾਣ ਤੱਕ ਉਸ ਦੇ ਨਾਲ ਸੀ ਅਤੇ ਇਸ ਤੋਂ ਬਾਅਦ ਗ਼ਾਇਬ ਹੋ ਗਈ। ਇਸ ਤੋਂ ਬਾਅਦ ਉਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ। ਉਹ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰੇ ਨਾਲ ਜੁੜੇ ਤਿੰਨ ਲੋਕਾਂ ਦੇ ਨਾਲ ਗਈ ਸੀ। ਉਸ ਰਾਤ ਉਹ ਰੋਹਤਕ ਵਿਚ ਇੱਕ ਡੇਰਾ ਪ੍ਰੇਮੀ ਦੇ ਘਰ ਗਈ ਸੀ ਅਤੇ ਉਸ ਤੋਂ ਬਾਅਦ ਇੱਕ ਕਾਰ ਵਿੱਚ ਉਥੋਂ ਚਲੀ ਗਈ।

ਇਸ ਤੋਂ ਬਾਅਦ ਹਨੀਪ੍ਰੀਤ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਉਸ ਦੇ ਖਿ਼ਲਾਫ਼ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ। ਪੁਲਿਸ ਉਸ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਵੀ ਕਰ ਚੁੱਕੀ ਹੈ। ਇਸ ਦੌਰਾਨ ਉਸ ਦੇ ਕਦੇ ਨੇਪਾਲ ਤਾਂ ਕਦੇ ਪਾਕਿਸਤਾਨ ਅਤੇ ਚੀਨ ਭੱਜਣ ਦੀ ਗੱਲ ਸਾਹਮਣੇ ਆਉਂਦੀ ਰਹੀ ਹੈ ਤਾਂ ਕਦੇ ਰਾਜਸਥਾਨ, ਮੁੰਬਈ ਸਮੇਤ ਹੋਰ ਸਥਾਨਾਂ ‘ਤੇ ਛੁਪੇ ਹੋਣ ਦੀ ਚਰਚਾ ਹੁੰਦੀ ਰਹੀ ਹੈ।
ਪੁਲਿਸ ਹੁਣ ਉਸ ਨੂੰ ਭਗੌੜਾ ਐਲਾਨ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਿਸ ਹਨੀਪ੍ਰੀਤ ਦੇ ਬਾਰੇ ਵਿਚ ਸੁਨਾਰੀਆ ਜੇਲ੍ਹ ਵਿਚ ਬੰਦ ਗੁਰਮੀਤ ਸਿੰਘ ਰਾਮ ਰਹੀਮ ਤੋਂ ਪੁੱਛਗਿੱਛ ਦੀ ਤਿਆਰੀ ਵੀ ਕਰ ਹੀ ਹੈ। ਇਸ ਤੋਂ ਬਾਅਦ ਹਨੀਪ੍ਰੀਤ ਵੱਲੋਂ ਦਿੱਲੀ ਹਾਈ ਕੋਰਟ ਵਿਚ ਹੁਣ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਹੈ। ਹੁਣ ਇਸ ‘ਤੇ ਮੰਗਲਵਾਰ ਨੂੰ ਸੁਣਵਾਈ ਹੋਵੇਗੀ, ਪਰ ਇਸ ਤੋਂ ਸਾਫ਼ ਸੰਕੇਤ ਮਿਲਦੇ ਹਨ ਕਿ ਹਨੀਪ੍ਰੀਤ ਵਿਦੇਸ਼ ਨਹੀਂ ਗਈ ਬਲਕਿ ਦੇਸ਼ ਵਿਚ ਕਿਤੇ ਛੁਪੀ ਹੋਈ ਹੈ।

ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਪੁਲਿਸ ਨੂੰ ਚਕਮਾ ਦੇ ਰਹੀ ਸੀ। ਤਿੰਨ ਦਿਨ ਪਹਿਲਾਂ ਉਸ ਦੇ ਰਾਜਸਥਾਨ ਦੇ ਸ੍ਰੀ ਗੰਗਾ ਨਗਰ ਵਿਚ ਹੋਣ ਦਾ ਇਨਪੁੱਟ ਮਿਲਿਆ ਤਾਂ ਪੁਲਿਸ ਟੀਮਾਂ ਉਥੇ ਪਹੁੰਚ ਗਈਆਂ ਪਰ ਉਹ ਹੱਥ ਨਹੀਂ ਆਈ। ਹਨੀਪ੍ਰੀਤ ਉਦੈਪੁਰ ਹੁੰਦੇ ਹੋਏ ਪੁਲਿਸ ਨੂੰ ਚਕਮਾ ਦੇ ਕੇ ਜੈਪੁਰ ਤੋਂ ਬਾਹਰ ਨਿਕਲ ਗਈ। ਪੁਲਿਸ ਨੂੰ ਰਾਮ ਰਹੀਮ ਦੇ ਜੱਦੀ ਪਿੰਡ ਗੁਰੂ ਮੋਡੀਆ ਦੇ ਸਕੂਲ ਦੇ ਹੀ ਗਰਲਜ਼ ਹੋਸਟਲ ਵਿਚ ਹਨੀਪ੍ਰੀਤ ਦੇ ਛੁਪੇ ਹੋਣ ਦੀ ਸੂਚਨਾ ਵੀ ਮਿਲੀ ਸੀ। ਇਸ ਤੋਂ ਬਾਅਦ ਰਾਜਸਥਾਨ ਅਤੇ ਪੰਚਕੂਲਾ ਪੁਲਿਸ ਦੀ ਵਿਸ਼ੇਸ਼ ਟੀਮ ਨੇ ਗਰਲਜ਼ ਹੋਸਟਲ ਦੇ ਸਟਾਫ਼ ਅਤੇ ਲੜਕੀਆਂ ਤੋਂ ਵੀ ਪੁੱਛਗਿਛ ਕੀਤੀ ਪਰ ਸਾਰਿਆਂ ਨੇ ਅਣਜਾਣਤਾ ਪ੍ਰਗਟਾਈ ਸੀ।


ਹਨੀਪ੍ਰੀਤ ਦੀ ਹੱਤਿਆ ਦਾ ਵੀ ਸ਼ੱਕ ਜਤਾਇਆ ਗਿਆ ਸੀ। ਕਿਹਾ ਗਿਆ ਕਿ ਹਨੀਪ੍ਰੀਤ ਡੇਰਾ ਮੁਖੀ ਰਾਮ ਰਹੀਮ ਦੇ ਸਾਰੇ ਰਾਜ਼ ਜਾਣਦੀ ਸੀ ਅਤੇ ਉਸ ਦੇ ਫੜੇ ਜਾਣ ਨਾਲ ਇਨ੍ਹਾਂ ਦਾ ਖ਼ੁਲਾਸਾ ਹੋ ਸਕਦਾ ਹੈ। ਇਸੇ ਕਾਰਨ ਡੇਰੇ ਦੇ ਲੋਕਾਂ ਨੇ ਉਸ ਦੀ ਹੱਤਿਆ ਕਰ ਦਿੱਤੀ ਹੈ। ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਵੀ ਉਸ ਦੀ ਹੱਤਿਆ ਹੋ ਜਾਣ ਦਾ ਸ਼ੱਕ ਪ੍ਰਗਟਾਇਆ ਸੀ।

ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਕਿਹਾ ਸੀ ਕਿ ਹਨੀਪ੍ਰੀਤ ਜਿੰਦਾ ਹੈ ਅਤੇ ਡੇਰਾ ਮੁਖੀ ਦੀ ਇਜਾਜ਼ਤ ਦੇ ਬਿਨਾਂ ਉਸ ਦੀ ਪ੍ਰੇਮਿਕਾ ਨੂੰ ਕੋਈ ਛੂਹ ਤੱਕ ਵੀ ਨਹੀਂ ਸਕਦਾ। ਹਨੀਪ੍ਰੀਤ ਦੇ ਨਾਲ ਨਾਜਾਇਜ਼ ਸਬੰਧਾਂ ਤੋਂ ਪਹਿਲਾਂ ਡੇਰਾ ਮੁਖੀ ਨੇ ਚਾਹੇ ਜੋ ਕੀਤਾ ਹੋਵੇ ਪਰ ਬਾਅਦ ਵਿਚ ਸਭ ਕੁਝ ਹਨੀਪ੍ਰੀਤ ਦੇ ਹੱਥ ਵਿਚ ਹੀ ਸੀ। ਵਿਪਸਨਾ ਭਲੇ ਹੀ ਡੇਰੇ ਦੀ ਪ੍ਰਬੰਧਨ ਕਮੇਟੀ ਦੀ ਚੇਅਰਪਰਸਨ ਹੋਵੇ ਪਰ ਉਸ ਦੀ ਹਨੀਪ੍ਰੀਤ ਦੇ ਸਾਹਮਣੇ ਨੌਕਰ ਵਰਗੀ ਹੈਸੀਅਤ ਸੀ। ਵਿਸ਼ਵਾਸ ਗੁਪਤਾ ਦਾ ਕਹਿਣਾ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਪਤਾ ਹੈ ਕਿ ਹਨੀਪ੍ਰੀਤ ਕਿੱਥੇ ਹੈ?

Leave a Reply

Your email address will not be published. Required fields are marked *

*