Home » National » ਡੇਰਾ ਮੁਖੀ ਦੇ ਫੈਸਲੇ ਕਾਰਨ ਲੁਧਿਆਣਾ ਵਿਚ ਪੈਰਾ ਮਿਲਟਰੀ ਫੋਰਸ ਤਾਇਨਾਤ

ਡੇਰਾ ਮੁਖੀ ਦੇ ਫੈਸਲੇ ਕਾਰਨ ਲੁਧਿਆਣਾ ਵਿਚ ਪੈਰਾ ਮਿਲਟਰੀ ਫੋਰਸ ਤਾਇਨਾਤ


ਲੁਧਿਆਣਾ (JT NEWS TEAM) : ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਇੰਸਾਂ ਵਿਰੁੱਧ ਯੋਨ ਸ਼ੋਸ਼ਣ ਕੇਸ ਦਾ ਸੰਭਾਵਿਤ ਫੈਸਲਾ 25 ਅਗਸਤ ਨੂੰ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਕਿਸੇ ਵੀ ਅਣਹੋਣੀ ਸਥਿਤੀ ਨਾਲ ਨਜਿੱਠਣ ਲਈ ਲੁਧਿਆਣਾ ਪੁਲਿਸ ਨੇ ਕਮਰ ਕੱਸ ਲਈ ਹੈ। ਸ਼ਹਿਰ ਦੇ ਚੱਪੇ-ਚੱਪੇ ‘ਤੇ ਜ਼ਿਲਾ ਪੁਲਸ ਦੇ ਜਵਾਨਾਂ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਸੰਵੇਦਨਸ਼ੀਲ ਇਲਾਕਿਆਂ ‘ਚ ਫਲੈਗ ਮਾਰਚ ਤੋਂ ਇਲਾਵਾ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਗੌਰਤਲਬ ਹੈ ਕਿ ਕਰੀਬ 15 ਸਾਲ ਪਹਿਲਾਂ ਡੇਰਾ ਮੁਖੀ ਖਿਲਾਫ ਸਾਧਵੀ ਦੇ ਯੋਨ ਸ਼ੋਸ਼ਣ ਦੇ ਦੋਸ਼ ਲੱਗੇ ਸਨ, ਜਿਸ ‘ਤੇ ਪੰਜਾਬ ਅਤੇ ਹਰਿਆਣਾ ਵਿਚ ਕਾਫੀ ਹੰਗਾਮਾ ਹੋਇਆ ਸੀ। ਹਾਈਕੋਰਟ ਨੇ ਕੇਸ ਦਾ ਸਵੈ-ਨੋਟਿਸ ਲੈਂਦਿਆ ਜਾਂਚ ਦਾ ਜ਼ਿੰਮਾ ਸੀ. ਬੀ. ਆਈ. ਨੂੰ ਸੌਂਪ ਦਿੱਤਾ ਸੀ। ਜਿਸ ਤੋਂ ਬਾਅਦ ਸੀ. ਬੀ. ਆਈ. ਨੇ ਜਾਂਚ ਪੂਰੀ ਕਰ ਕੇ ਰਿਪੋਰਟ ਇਕ ਸਪੈਸ਼ਲ ਅਦਾਲਤ ਨੂੰ ਸੌਂਪ ਦਿੱਤੀ ਹੈ, ਜਿਸ ਦਾ ਫੈਸਲਾ 25 ਅਗਸਤ ਨੂੰ ਆਉਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਇਸ ਦਿਨ ਪੰਜਾਬ ਵਿਚ ਹਾਲਾਤ ਵਿਗੜ ਸਕਦੇ ਹਨ ਕਿਉਂਕਿ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪੂਰੇ ਰਾਜ ਵਿਚ ਫੈਲੇ ਹੋਏ ਹਨ ਅਤੇ ਲੁਧਿਆਣਾ ਵਿਚ ਵੀ ਉਨ੍ਹਾਂ ਦੀ ਗਿਣਤੀ ਬਹੁਤ ਹੈ। ਇਸ ਦੌਰਾਨ ਪੈਦਾ ਹੋਈ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੁਲਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ।
ਲੁਧਿਆਣਾ ‘ਚ ਪੈਰਾ ਮਿਲਟਰੀ ਫੋਰਸ ਦੀ ਇਕ ਬਟਾਲੀਅਨ ਅਤੇ ਪੁਲਿਸ ਜਵਾਨ ਤਾਇਨਾਤ
ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਅਤੇ ਸ਼ਹਿਰ ਵਿਚ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪੁਲਸ ਫੋਰਸ ਪੂਰੀ ਤਰ੍ਹਾਂ ਤਿਆਰ ਹੈ। ਪੈਰਾ ਮਿਲਟਰੀ ਫੋਰਸ ਇਕ ਬਟਾਲੀਅਨ ਅਤੇ ਪੰਜਾਬ ਪੁਲਿਸ ਦੇ 5000 ਜਵਾਨ ਸ਼ਹਿਰ ਦੇ ਚੱਪੇ-ਚੱਪੇ ‘ਤੇ ਨਜ਼ਰ ਰੱਖੇ ਹੋਏ ਹਨ। ਇਸ ਤੋਂ ਇਲਾਵਾ ਜੋ ਸੰਵੇਦਨਸ਼ੀਲ ਇਲਾਕੇ ਹਨ, ਉਨ੍ਹਾਂ ‘ਤੇ ਖੁਫੀਆ ਨਜ਼ਰ ਰੱਖੀ ਜਾ ਰਹੀ ਹੈ।

Leave a Reply

Your email address will not be published. Required fields are marked *

*