Home » News » Crime » ਪੰਚਕੂਲਾ ਦੇ ਇਕ ਸਕੂਲ ਵਿੱਚ ਵੀ ਵਾਪਰੀ ਰਿਆਨ ਸਕੂਲ ਵਰਗੀ ਘਟਨਾ

ਪੰਚਕੂਲਾ ਦੇ ਇਕ ਸਕੂਲ ਵਿੱਚ ਵੀ ਵਾਪਰੀ ਰਿਆਨ ਸਕੂਲ ਵਰਗੀ ਘਟਨਾ

ਬੱਚੇ ਨੂੰ ਕੁੱਟ ਕੇ ਟਾਇਲਟ ਵਿੱਚ ਬੰਦ ਕਰ ਦਿੱਤਾ ਗਿਆ

ਪੰਚਕੂਲਾ (ਸੋਨੂੰ ਅੰਬੇਡਕਰ), 22 ਸਤੰਬਰ:- ਸਰਕਾਰ ਬੱਚਿਆ ਦੀ ਸਕੂਲ ਵਿੱਚ ਸੁਰੱਖਿਆ ਨੂੰ ਲੈ ਕੇ ਚਾਹੇ ਕਿੰਨੇ ਵੀ ਵਾਅਦੇ ਕਰ ਲਵੇ ਪਰ ਇਨ੍ਹਾਂ ਨੂੰ ਪੂਰਾ ਕਰਨ ਵਿੱਚ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ। ਗੁਰੂਗ੍ਰਾਮ ਦੇ ਰਿਆਨ ਸਕੂਲ ‘ਚ ਪ੍ਰਦੁਮਣ ਦੇ ਕਤਲ ਤੋਂ ਬਾਅਦ ਹੁਣ ਪੰਚਕੂਲਾ ‘ਚ ਵੀ ਇਕ ਹੋਰ ਸਕੂਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪੰਚਕੂਲਾ ਦੇ ਸੈਕਟਰ 12-ਏ ਸਥਿਤ ਸਾਰਥਕ ਮਾਡਲ ਸਕੂਲ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ 9 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਤੋਂ ਬਾਅਦ ਟਾਇਲਟ ‘ਚ ਬੰਦ ਕਰ ਦਿੱਤਾ ਗਿਆ। ਜਾਣਕਾਰੀ ਦੇ ਅਨੁਸਾਰ ਇਹ ਸਕੂਲ ਹਰਿਆਣਾ ਸਰਕਾਰ ਵਲੋਂ ਚਲਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਲੜਕੇ ਦੇ ਪਿਤਾ ਦੀ ਸ਼ਿਕਾਇਤ ‘ਤੇ ਸਕੂਲ ਪ੍ਰਸ਼ਾਸਨ ਉਪਰ ਗਲਤ ਜਾਣਕਾਰੀ ਦੇਣ ਦੀ ਸ਼ਿਕਾਇਤ ਦਰਜ ਕੀਤੀ ਹੈ। ਬੱਚੇ ਦਾ ਪਿਤਾ ਪ੍ਰਵਾਸੀ ਮਜ਼ਦੂਰ ਹੈ, ਜੋ ਕਿ ਪੰਚਕੂਲਾ ਦੇ ਉਦਯੋਗਿਕ ਖੇਤਰ ਦੇ ਅਭੈਪੁਰ ਪਿੰਡ ‘ਚ ਰਹਿੰਦਾ ਹੈ। ਵਿਦਿਆਰਥੀ ਦੇ ਪਿਤਾ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ ਸਾਡਾ ਬੇਟਾ ਟ੍ਰਾਮਾ ਵਿੱਚ ਹੈ। ਉਹ ਆਪਣੀ ਪਿੱਠ ਅਤੇ ਸਿਰ ਵਿੱਚ ਦਰਦ ਦੀ ਸ਼ਿਕਾਇਤ ਕਰ ਰਿਹਾ ਹੈ। ਲੜਕੇ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਸਦੀ ਪਤਨੀ ਬੇਟੇ ਨੂੰ ਲੈਣ ਸਕੂਲ ਗਈ ਤਾਂ ਉਹ ਉਸ ਵੇਲੇ ਹੈਰਾਨ ਹੋ ਗਈ ਜਦੋਂ ਉਸ ਨੇ ਬੱਚੇ ਦੇ ਕੱਪੜੇ ਬਦਲੇ ਹੋਏ ਦੇਖੇ। ਸਕੂਲ ਅਧਿਕਾਰੀਆਂ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਟਾਇਲਟ ਅਤੇ ਉਲਟੀ ਨਾਲ ਗੰਦੇ ਹੋਏ ਕੱਪੜਿਆਂ ਨੂੰ ਦਿਖਾਇਆ। ਸਕੂਲ ਵਾਲਿਆਂ ਨੇ ਬੱਚੇ ਨੂੰ ਚੌਕੀਦਾਰ ਦੇ ਲੜਕੇ ਦੇ ਕੱਪੜੇ ਦਿੱਤੇ। ਨਾਲ ਹੀ ਸਕੂਲ ਵਾਲਿਆਂ ਨੇ ਇਹ ਵੀ ਨਹੀਂ ਦੱਸਿਆ ਕਿ ਇਹ ਸਭ ਕੁਝ ਕਿਵੇਂ ਹੋਇਆ? ਪਿਤਾ ਨੇ ਸਕੂਲ ਦੇ ਅਧਿਕਾਰੀਆਂ ‘ਤੇ ਮਾਮਲੇ ‘ਤੇ ਪਰਦਾ ਪਾਉਣ ਦਾ ਦੋਸ਼ ਲਗਾਇਆ ਕਿਉਂਕਿ ਉਨ੍ਹਾਂ ਨੇ ਜਦੋਂ ਕੈਮਰੇ ਦਿਖਾਉਣ ਦੀ ਗੱਲ ਕਹੀ ਤਾਂ ਦੱਸਿਆ ਗਿਆ ਕਿ ਸਕੂਲ ਦੇ ਕੈਮਰੇ ਠੀਕ ਨਹੀਂ ਹਨ। ਪੀੜਤ ਵਿਦਿਆਰਥੀ ਨੇ ਪੁਲਸ ਨੂੰ ਦੱਸਿਆ ਕਿ 2 ਲੜਕਿਆਂ ‘ਚੋਂ ਇਕ ਲੜਕੇ ਨੇ ਉਸਦੇ ਸਿਰ ‘ਤੇ ਜ਼ੋਰ ਦੀ ਡੰਡੇ ਮਾਰੇ, ਇਸ ਤੋਂ ਬਾਅਦ ਉਹ ਟਾਇਲਟ ਕਿਵੇਂ ਪੁੱਜਾ ਉਸਨੂੰ ਕੁਝ ਯਾਦ ਨਹੀਂ। ਹਾਲਾਂਕਿ ਅਜੇ ਤੱਕ ਪੂਰੇ ਮਾਮਲੇ ਦਾ ਮਕਸਦ ਨਹੀਂ ਪਤਾ ਲੱਗਾ ਹੈ। ਪੁਲਸ ਨੇ ਜਾਂਚ ‘ਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਜਦੋਂ ਬੱਚਾ ਕਾਫੀ ਦੇਰ ਤੱਕ ਜਮਾਤ ‘ਚ ਵਾਪਸ ਨਹੀਂ ਆਇਆ ਤਾਂ ਅਧਿਆਪਕ ਨੇ ਬੱਚਿਆਂ ਨੂੰ ਉਸਨੂੰ ਦੇਖਣ ਲਈ ਭੇਜਿਆ। ਉਸਦੇ ਸਾਥੀਆਂ ਨੇ ਦੇਖਿਆ ਕਿ ਉਹ ਟਾਇਲਟ ‘ਚ ਜ਼ਮੀਨ ‘ਤੇ ਬੇਹੋਸ਼ ਪਿਆ ਹੋਇਆ ਸੀ ਅਤੇ ਉਸਦੇ ਕੱਪੜੇ ਵੀ ਗੰਦੇ ਸਨ।

Leave a Reply

Your email address will not be published. Required fields are marked *

*