Home » Punjab » ਬਾਇਓ ਮੀਟ੍ਰਿਕ ਹਾਜ਼ਰੀ ਅਤੇ ਸੀ.ਸੀ.ਟੀ.ਵੀ ਕੈਮਰਿਆਂ ਵਾਲੇ ਅਦਾਰਿਆਂ ਨੂੰ ਹੀ ਦਿੱਤਾ ਜਾਵੇਗਾ ਵਜੀਫਾ:- ਚੰਨੀ

ਬਾਇਓ ਮੀਟ੍ਰਿਕ ਹਾਜ਼ਰੀ ਅਤੇ ਸੀ.ਸੀ.ਟੀ.ਵੀ ਕੈਮਰਿਆਂ ਵਾਲੇ ਅਦਾਰਿਆਂ ਨੂੰ ਹੀ ਦਿੱਤਾ ਜਾਵੇਗਾ ਵਜੀਫਾ:- ਚੰਨੀ

ਹੁਨਰ ਵਿਕਾਸ ਕੇਂਦਰਾ ਵਿਚ ਨੌਜਵਾਨਾਂ ਨੂੰ ਮਿਲੇਗੀ ਮੁਫਤ ਸਿਖਲਾਈ

ਚੰਡੀਗੜ੍ਹ (ਗੁਰਬਿੰਦਰ ਸਿੰਘ), 8 ਸਤੰਬਰ:- ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਵਿਭਾਗ ਦੇ ਅਧਿਕਾਰੀਆਂ ਨਾਲ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਸੁਧਾਰਾਂ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਕੰਮ ਕਾਜ ਦਾ ਜਾਇਜਾ ਲੈਣ ਮੀਟਿੰਗ ਕੀਤੀ।ਇਸ ਮੌਕੇ ਸ.ਚੰਨੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਅਤੇ ਬੋਰਡ ਨਾਲ ਜੁੜੇ ਹੋਏ ਹਰ ਅਦਾਰੇ ਨੂੰ ਤੁਰੰਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਗਾਮੀ ਅਕਾਦਮਿਕ ਸੈਸ਼ਨ ਤੋਂ ਪਹਿਲਾਂ ਪਹਿਲਾਂ ਤਕਨੀਕੀ ਸਿੱਖਿਆ ਸੰਸਥਾਵਾਂ, ਪੌਲੀਟੈਕਨੀਕ ਕਾਲਜ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਸੀ.ਸੀ.ਟੀ.ਵੀ ਕੈਮਰੇ ਅਤੇ ਵਿਦਿਆਰਥੀਆਂ ਦੀ ਬਾਇਓ ਮੀਟ੍ਰਿਕ ਹਾਜ਼ਰੀ ਸਿਸਟਮ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਰਫ ਉਨ੍ਹਾਂ ਅਦਾਰਿਆਂ ਨੂੰ ਐਸ.ਸੀ ਵਜੀਫਿਆਂ ਦਾ ਲਾਭ ਦਿੱਤਾ ਜਾਵੇਗਾ ਜੋ ਇਸ ਸਿਸਟਮ ਰਾਹੀਂ ਆਨਲਾਈਨ ਤਕਨੀਕੀ ਸਿੱਖਿਆ ਵਿਭਾਗ ਨਾਲ ਜੁੜਨਗੇ।
ਸ. ਚੰਨੀ ਨੇ ਇਸ ਮੌਕੇ ਨਾਲ ਹੀ ਸਪੱਸ਼ਟ ਕੀਤਾ ਕਿ ਸੀ.ਸੀ.ਟੀ.ਵੀ ਕੈਮਰੇ ਅਤੇ ਬਾਇਓ ਮੀਟ੍ਰਿਕ ਹਾਜ਼ਰੀ ਸਿਸਟਮ ਨੂੰ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਦੋਵਾਂ ਵਿਚ ਹੀ ਲਾਗੂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਸਿਸਟਮ ਦੇ ਲਾਗੁ ਹੋਣ ਨਾਲ ਜਿੱਥੇ ਫਰਜੀ ਦਾਖਲਿਆਂ ਨੂੰ ਨੱਥ ਪਵੇਗੀ, ਉੱਥੇ ਸੀ.ਸੀ.ਟੀ.ਵੀ ਕੈਮਰਿਆਂ ਦੀ ਨਿਗਰਾਨੀ ਹੇਠ ਇਮਤਿਹਾਨ ਹੋਣ ਨਾਲ ਨਕਲ ਨੂੰ ਵੀ ਪੂਰੀ ਤਰਾਂ ਨਾਲ ਠੱਲ ਪਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਢਾਂਚਾ ਖੜਾ ਕਰਨ ਦਾ ਪੰਜਾਬ ਸਰਕਾਰ ਦਾ ਮੁੱਖ ਮਕਸਦ ਸਿੱਖਿਆ ਦੇ ਮਿਆਰ ਨੂੰ ਉੱਚਾ ਚੁਕਣਾ ਹੈ।
ਇਸ ਮੌਕੇ ਸੂਬੇ ਵਿਚ ਹੁਨਰ ਵਿਕਾਸ਼ ਮਿਸ਼ਨ ਪ੍ਰੋਗਰਾਮ ਦੇ ਕੰਮ ਕਾਜ ਦੀ ਸਮੀਖਿਆ ਕਰਦਿਆਂ ਸ. ਚੰਨੀ ਨੇ ਸਬੰਧਿਤ ਅਧਿਕਾਰੀਆਂ ਨੂੰ 2018 ਤੱਕ ਦੇ ਵਿਜ਼ਨ ਦਾ ਖਰੜਾ ਤਿਆਰ ਕਰਕੇ ਪੇਸ਼ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਹੁਨਰ ਵਿਕਾਸ ਸਿਖਲਾਈ ਲਈ ਤਕਨੀਕੀ ਸਿੱਖਿਆ ਵਿਭਾਗ ਨੂੰ ਸਿਖਲਾਈ ਪਾਰਟਨਰ ਬਣਾਉਣ ਲਈ ਕਾਰਵਾਈ ਵੀ ਸ਼ੁਰੂ ਕੀਤੀ ਜਾਵੇ।
ਉਨ੍ਹਾਂ ਨਾਲ ਹੀ ਦੱਸਿਆ ਕਿ ਪੰਜਾਬ ਸਰਕਾਰ ਨੇ ਹੁਨਰ ਵਿਕਾਸ ਕੇਂਦਰਾਂ ਵਿਚ ਸੂਬੇ ਦੇ ਨੌਜਵਾਨਾਂ ਨੂੰ ਮੁਫਤ ਸਿਖਲਾਈ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ, ਜਿਸ ਦੇ ਤਹਿਤ ਹੁਨਰ ਵਿਕਾਸ ਲਈ ਵੱਧ ਤੋਂ ਵੱਧ ਪਾਰਟਨਰ ਸਿਖਲਾਈ ਦੇਣ ਲਈ ਬਣਾਏ ਜਾਣ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਹੁਨਰ ਵਿਕਾਸ ਕੇਂਦਰਾਂ ਤੋਂ ਸਿਖਲਾਈ ਹਾਸਲ ਕਰਨ ਉਪਰੰਤ ਨੌਜਵਾਨਾਂ ਦੀ ਪਲੇਸਮੈਂਟ ਯਕੀਨੀ ਬਣਾਈ ਜਾਵੇ।
ਇਸ ਮੌਕੇ ਸ੍ਰੀ ਜੀ.ਵਜਰਾਲਿੰਗਮ ਵਧੀਕ ਮੁੱਖ ਸਕੱਤਰ ਤਕਨੀਕੀ ਸਿੱਖਿਆ, ਸ੍ਰੀ ਚੰਦਰ ਗੋਂਦ ਸਕੱਤਰ ਤਕਨੀਕੀ ਸਿੱਖਿਆ ਬੋਰਡ, ਸ੍ਰੀ ਪ੍ਰਵੀਨ ਥਿੰਦ ਡਾਇਰੈਕਟਰ ਤਕਨੀਕੀ ਸਿੱਖਿਆ, ਸ੍ਰੀ ਮੋਹਨਬੀਰ ਸਿੰਘ, ਸ੍ਰੀਮਤੀ ਦਲਜੀਤ ਕੌਰ, ਐਮ.ਪੀ ਸਿੰਘ (ਸਾਰੇ ਵਧੀਕ ਡਾਇਰੈਕਟਰ), ਦਮਨਪ੍ਰੀਤ ਕੌਰ ਡੀ.ਡੀ.ਏ ਅਤੇ ਹੁਨਰ ਵਿਕਾਸ ਮਿਸ਼ਨ ਦੇ ਵਧੀਕ ਡਾਇਰੈਕਟਰ ਸ੍ਰੀ ਅਸ਼ੋਕ ਪਰਾਸ਼ਰ ਵੀ ਮੌਜੂਦ ਸਨ।

Leave a Reply

Your email address will not be published. Required fields are marked *

*