Home » Exclusive » ਮੌਤ ਵੀ ਨਹੀਂ ਮਿਟਾ ਪਾਉਂਦੀ ਜਾਤੀ ਭੇਦਭਾਵ

ਮੌਤ ਵੀ ਨਹੀਂ ਮਿਟਾ ਪਾਉਂਦੀ ਜਾਤੀ ਭੇਦਭਾਵ

ਪਿੰਡ ਦੀ ਸ਼ਮਸ਼ਾਨਘਾਟ ਵਿੱਚ ਕਰ ਦਿੱਤੀ ਕੰਧ

ਬਠਿੰਡਾ (ਸੋਨੂੰ ਅੰਬੇਡਕਰ), 23 ਸਤੰਬਰ:- ਅੱਜ ਕੱਲ੍ਹ ਹਰ ਨੇਤਾ ਆਪਣੇ ਭਾਸ਼ਣ ਵਿੱਚ ਜਾਤੀ ਭੇਦਭਾਵ ਨੂੰ ਖਥਮ ਕਰਨ ਦੀ ਗੱਲ ਕਰਦਾ ਹੈ। ਪਰ ਹਕੀਕਤ ਕੁਝ ਹੋਰ ਹੀ ਹੈ। ਜਾਤੀਵਾਦ ਕਿਸੇ ਨਾ ਕਿਸੇ ਰੂਪ ਵਿੱਚ ਨਜਰ ਆ ਹੀ ਜਾਂਦਾ ਹੈ। ਤਾਜ਼ਾ ਘਟਨਾ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਕੋਟਗੁਰੂ ਦੀ ਹੈ। ਜਿਥੇ ਜਾਤੀ ਭੇਦਭਾਵ ਦੀ ਸਪੱਸ਼ਟ ਉਦਾਹਰਣ ਦੇਖਣ ਨੂੰ ਮਿਲ ਰਹੀ ਹੈ। ਇਥੋਂ ਦੀ ਸੌੜੀ ਸੋਚ ਦੀ ਪੰਚਾਇਤ ਨੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਸ਼ਮਸ਼ਾਨਘਾਟ ਦਾ ਮੁੱਖ ਰਸਤਾ ਬੰਦ ਕਰ ਦਿੱਤਾ, ਜਿਸ ਤੋਂ ਪਿੰਡ ਦੇ ਲੋਕਾਂ ’ਚ ਰੋਸ ਫੈਲ ਗਿਆ। ਪੰਚਾਇਤ ਵਲੋਂ ਰਸਤਾ ਬੰਦ ਕਰਨ ਦੀ ਕਾਰਵਾਈ ਦੇ ਖ਼ਿਲਾਫ਼ ਪਿੰਡ ਦੇ ਕੁਝ ਲੋਕਾਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸ਼ਿਕਾਇਤ ਵੀ ਦਿੱਤੀ ਹੈ। ਪਿੰਡ ਕੋਟਗੁਰੂ ਦੇ ਜਗਤਾਰ ਸਿੰਘ, ਜਸਪਾਲ ਸਿੰਘ, ਰੂਪ ਸਿੰਘ ਅਤੇ ਬਿੱਕਰਜੀਤ ਸਿੰਘ ਆਦਿ ਨੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸੰਗਤ ਨੂੰ ਦਰਖਾਸਤ ਦਿੱਤੀ ਹੈ ਕਿ ਪਿੰਡ ਦੇ ਸਰਪੰਚ ਨੇ ਪਹਿਲਾਂ ਸ਼ਮਸ਼ਾਨਘਾਟ ਨੂੰ ਵੰਡ ਦਿੱਤਾ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਲਈ ਸ਼ਮਸ਼ਾਨਘਾਟ ਵੱਖਰਾ ਕਰ ਦਿੱਤਾ। ਉਸ ਮਗਰੋਂ ਉਨ੍ਹਾਂ ਦੇ ਸ਼ਮਸ਼ਾਨਘਾਟ ਦਾ ਰਸਤਾ ਬੰਦ ਕਰ ਦਿੱਤਾ। ਉਨ੍ਹਾਂ ਮੁਤਾਬਕ ਸ਼ਮਸ਼ਾਨਘਾਟ ਦੇ ਐਨ ਵਿਚਕਾਰ ਇੱਕ ਕੰਧ ਕੱਢ ਦਿੱਤੀ ਗਈ ਹੈ, ਜਿਸ ਕਰਕੇ ਉਨ੍ਹਾਂ ਦੇ ਸ਼ਮਸ਼ਾਨਘਾਟ ਲਈ ਕੋਈ ਰਸਤਾ ਨਹੀਂ ਬਚਿਆ।
ਜਨਰਲ ਵਰਗ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਤੋਂ ਇਲਾਵਾ ਓਬੀਸੀ ਪਰਿਵਾਰ ਇੱਕ ਚਾਰਦੀਵਾਰੀ ਦੇ ਅੰਦਰ ਬਣੇ ਸ਼ਮਸ਼ਾਨਘਾਟ ਦੇ ਅਲੱਗ-ਅਲੱਗ ਹਿੱਸੇ ਵਿਚ ਸਸਕਾਰ ਕਰਦੇ ਰਹੇ ਹਨ। ਭਾਵ ਪਹਿਲਾ ਚਾਰਦੀਵਾਰੀ ਅੰਦਰ ਸ਼ਮਸ਼ਾਨਘਾਟ ਤਿੰਨ ਹਿੱਸਿਆ ਵਿਚ ਵੰਡਿਆ ਹੋਇਆ ਸੀ। ਹੁਣ ਪੰਚਾਇਤ ਨੇ ਚਾਰਦੀਵਾਰੀ ਅੰਦਰ ਇੱਕ ਕੰਧ ਕੱਢ ਦਿੱਤੀ ਹੈ ਜਿਸ ਨਾਲ ਅਨੁਸੂਚਿਤ ਜਾਤੀ ਭਾਈਚਾਰੇ ਵਾਲਾ ਸ਼ਮਸ਼ਾਨਘਾਟ ਬਿਲਕੁਲ ਵੱਖਰਾ ਹੋ ਗਿਆ ਹੈ।

Leave a Reply

Your email address will not be published. Required fields are marked *

*