Home » Punjab » ਲੁਧਿਆਣਾ-ਦਿੱਲੀ ਉਡਾਣ:- ਆਪਣੇ ਕਾਰਜਕਾਲ ਦੌਰਾਨ ਉਡਾਨਾਂ ਕਿਉਂ ਨਹੀਂ ਸ਼ੁਰੂ ਕਰਵਾ ਸਕੇ ਅਕਾਲੀ-ਬਿੱਟੂ

ਲੁਧਿਆਣਾ-ਦਿੱਲੀ ਉਡਾਣ:- ਆਪਣੇ ਕਾਰਜਕਾਲ ਦੌਰਾਨ ਉਡਾਨਾਂ ਕਿਉਂ ਨਹੀਂ ਸ਼ੁਰੂ ਕਰਵਾ ਸਕੇ ਅਕਾਲੀ-ਬਿੱਟੂ

ਰਵਨੀਤ ਸਿੰਘ ਬਿੱਟੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰਾ ਜਵਾਬ, “ਕਿਹਾ! ਵੋਟਰਾਂ ਨੇ ਤੁਹਾਨੂੰ ਤੁਹਾਡਾ ਰਿਪੋਰਟ ਕਾਰਡ ਦੇਖ ਕੇ ਹੀ ਨਕਾਰਿਆ ਹੈ।”

ਲੁਧਿਆਣਾ, 3 ਸਤੰਬਰ(ਗੁਰਬਿੰਦਰ ਸਿੰਘ):- ਲੋਕ ਸਭਾ ਮੈਂਬਰ ਸ. ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ-2017 ਦੌਰਾਨ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੂੰ ਉਨ੍ਹਾਂ ਦਾ ਰਿਪੋਰਟ ਕਾਰਡ ਦੇਖ ਕੇ ਹੀ ਨਕਾਰਿਆ ਸੀ। ਜਿਸ ਪਾਰਟੀ ਜਾਂ ਆਗੂਆਂ ਦਾ ਆਪਣਾ ਰਿਪੋਰਟ ਕਾਰਡ ਜ਼ੀਰੋ ਹੋਵੇ, ਉਹ ਭਲਾ ਲੋਕਾਂ ਵੱਲੋਂ ਜਿਤਾਏ ਹੋਏ ਨੇਤਾਵਾਂ ਨੂੰ ਕਿਵੇਂ ਰਿਪੋਰਟ ਕਾਰਡ ਦੇਖਣ ਬਾਰੇ ਨਸੀਹਤ ਦੇ ਸਕਦੇ ਹਨ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਕ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਸੀ ਕਿ ਸਾਹਨੇਵਾਲ ਹਵਾਈ ਅੱਡੇ ਤੋਂ ਮੁੜ ਹਵਾਈ ਉਡਾਣਾਂ ਸ਼ੁਰੂ ਹੋਣ ਵਿੱਚ ਪਿਛਲੀ ਅਕਾਲੀ ਭਾਜਪਾ ਸਰਕਾਰ ਦਾ ਹੱਥ ਸੀ ਅਤੇ ਸ. ਰਵਨੀਤ ਸਿੰਘ ਬਿੱਟੂ ਨੂੰ ਇਸ ਦਾ ਰਾਜਸੀ ਲਾਭ ਨਹੀਂ ਲੈਣਾ ਚਾਹੀਦਾ। ਸ. ਬਿੱਟੂ ਨੇ ਇਸ ਬਿਆਨ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬੌਖ਼ਲਾਹਟ ਦਾ ਨਾਂਅ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਜਿਹੇ ਆਗੂਆਂ, ਜਿਨ੍ਹਾਂ ਦਾ ਆਪਣਾ ਰਿਕਾਰਡ ਕਈ ਹਾਰਾਂ ਵਾਲਾ ਹੈ, ਨੂੰ ਕੋਈ ਵੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲ ਸੋਟਾ ਫੇਰ ਲੈਣਾ ਚਾਹੀਦਾ ਹੈ। ਜੋ ਆਗੂ ਕਦੇ ਖੁਦ ਜਿੱਤ ਕੇ ਵਿਧਾਨ ਸਭਾ ਜਾਂ ਸੰਸਦ ਦੀਆਂ ਪੌੜੀਆਂ ਨਹੀਂ ਚੜੇ ਉਹ ਮੈਨੂੰ ਕਿਵੇਂ ਸਲਾਹਾਂ ਦੇ ਸਕਦੇ ਹਨ।
ਸ. ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਨੇਤਾਵਾਂ ਦੇ ਰਿਪੋਰਟ ਕਾਰਡ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹਨ। ਇਸੇ ਕਰਕੇ ਹੀ ਇਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੇ ਤੀਜੇ ਦਰਜੇ ਦੀ ਪਾਰਟੀ ਬਣਾ ਦਿੱਤਾ, ਜਦਕਿ ਕਾਂਗਰਸ ਪਾਰਟੀ ਨੇ ਪੂਰਨ ਬਹੁਮਤ ਹਾਸਿਲ ਕਰਕੇ ਪੰਜਾਬ ਵਿੱਚ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਸਾਹਨੇਵਾਲ ਹਵਾਈ ਅੱਡੇ ਉਡਾਣਾਂ ਬਹੁਤ ਸਮਾਂ ਪਹਿਲਾਂ ਹੀ ਸ਼ੁਰੂ ਹੋ ਜਾਣੀਆਂ ਸਨ, ਪਰ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਇਸ ਸੰਬੰਧੀ ਲੋੜੀਂਦਾ ਐਗਰੀਮੈਂਟ ਸਾਈਨ ਕਰਨ ਵਿੱਚ ਹੀ ਉਤਸ਼ਾਹ ਨਹੀਂ ਦਿਖਾਇਆ, ਜਿਸ ਐਗਰੀਮੈਂਟ ਤਹਿਤ ਘਾਟੇ ਵਾਲੀਆਂ ਉਡਾਣਾਂ ਦੇ ਨੁਕਸਾਨ ਦੀ ਜਿੰਮੇਵਾਰੀ ਚੁੱਕੀ ਜਾਣੀ ਸੀ।
ਉਨ੍ਹਾਂ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਹੀ ਸੀ, ਜਿਸ ਨੇ ਸਾਹਨੇਵਾਲ ਹਵਾਈ ਅੱਡੇ ਦੀਆਂ ਉਡਾਣਾਂ ਬੰਦ ਕਰਵਾ ਕੇ ਬਠਿੰਡੇ ਤੋਂ ਉਡਾਣਾਂ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਅੱਜ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਆਉਣ ‘ਤੇ ਸਾਹਨੇਵਾਲ ਦਾ ਹਵਾਈ ਅੱਡਾ ਮੁੜ ਚਾਲੂ ਕੀਤਾ ਗਿਆ ਹੈ। ਜਿਸ ਲਈ ਅਕਾਲੀ ਦਲ ਨੂੰ ਸ਼ਰਮ ਕਰਨੀ ਚਾਹੀਦੀ ਹੈ। ਉਨ੍ਹਾਂ ਅਕਾਲੀ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਇਹ ਸੱਚਾਈ ਨੂੰ ਮੰਨ ਲੈਣ ਕਿ ਹੁਣ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਹੁਣ ਪੰਜਾਬ ਸਰਕਾਰ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *

*