Home » News » Crime » 12 ਸਾਲਾ ਮਾਸੂਮ ਦਾ ਦਿਨ ਦਿਹਾੜੇ ਬੇਰਹਮੀ ਨਾਲ ਕਤਲ

12 ਸਾਲਾ ਮਾਸੂਮ ਦਾ ਦਿਨ ਦਿਹਾੜੇ ਬੇਰਹਮੀ ਨਾਲ ਕਤਲ


ਲੁਧਿਆਣਾ(ਸੋਨੂੰ ਅੰਬੇਡਕਰ), 27 ਸਤੰਬਰ:- ਮਹਾਨਗਰ ਵਿੱਚ ਜੁਰਮ ਦਾ ਗ੍ਰਾਫ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਜਿਵੇਂ ਮੁਜਰਮਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਬੇਸ਼ੱਕ ਪੁਲਿਸ ਇਸ ਗ੍ਰਾਫ ਨੂੰ ਪੂਰੀ ਤਰ੍ਹਾਂ ਨਾਲ ਨੱਥ ਪਾਉਣ ਲਈ ਸੰਘਰਸ਼ਸ਼ੀਲ ਹੈ, ਪਰ ਅਜਿਹਾ ਹੋ ਨਹੀਂ ਪਾ ਰਿਹਾ। ਅੱਜ ਦੇ ਤਾਜ਼ਾ ਘਟਨਾਕ੍ਰਮ ਵਿੱਚ ਨਵੀਂ ਸਬਜ਼ੀ ਮੰਡੀ, ਬਹਾਦੁਰ ਕੇ ਰੋਡ ਵਿਖੇ ਇਕ ਬੱਚੇ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਪਰ ਖੂਨੀ ਦਾ ਹਾਲੇ ਤੱਕ ਕੋਈ ਵੀ ਅਤਾ-ਪਤਾ ਨਹੀਂ ਹੈ। ਪੁਲਿਸ ਬੜੀ ਹੀ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਦਾ ਨਾਮ ਇਮਾਮ ਅਲੀ ਉਮਰ 12 ਸਾਲ ਵਾਸੀ ਨਿਊ ਆਜ਼ਾਦ ਨਗਰ, ਬਹਾਦੁਰ ਕੇ ਰੋਡ ਹੈ। ਬੱਚੇ ਦੇ ਪਿਤਾ ਮੁਬਾਰਕ ਅਲੀ ਨੇ ਦੱਸਿਆ ਕਿ ਅੱਜ ਦੁਪਹਿਰ 12ਕੁ ਵਜੇ ਇਹ ਬੱਚਾ ਰੋਜ਼ਾਨਾ ਵਾਂਗ ਆਪਣੇ ਘਰ ਪਾਲੀ ਬੱਕਰੀ ਲਈ ਪੱਤੇ ਤੋੜਨ ਲਈ ਉਹ ਸਬਜੀ ਮੰਡੀ ਵਾਲੇ ਪਾਸੇ ਆਇਆ ਸੀ। ਉਸ ਤੋਂ ਬਾਅਦ ਵਾਪਸ ਘਰ ਨਹੀਂ ਪਰਤਿਆ। ਕਾਫੀ ਦੇਰ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਉਹ ਉਸ ਦੀ ਭਾਲ ਲਈ ਨਿਕਲੇ। ਜਦ ਉਸ ਦਾ ਫਿਰ ਵੀ ਕੋਈ ਪਤਾ ਨਹੀਂ ਲੱਗਿਆ ਤਦ ਉਨ੍ਹਾਂ ਨੇ ਨਜਦੀਕ ਦੇ ਸੀ.ਸੀ.ਟੀਵੀ ਕੈਮਰੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਹ ਕਿਸ ਪਾਸੇ ਗਿਆ ਹੈ। ਇਹ ਵਾਕਿਆ 4 ਵਜੇ ਦੇ ਕਰੀਬ ਦਾ ਹੈ ਜਦੋ ਉਸ ਦੀ ਭਾਲ ਸੀ.ਸੀ.ਟੀਵੀ ਤੋਂ ਹੋਈ। ਸੀ.ਸੀ. ਟੀਵੀ ਤੇ ਦੇਖਣ ਉਪਰੰਤ ਉਸ ਦੀ ਜਦ ਅੰਦਰ ਜਾਕੇ ਭਾਲ ਕੀਤੀ ਤਦ ਉਸ ਦੀ ਲਾਸ਼ ਬਰਾਮਦ ਹੋਈ। ਫਿਰ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੁਲਿਸ ਜੁਟਾਉਦੀ ਰਹੀ ਸਬੂਤ

ਮੌਕੇ ਉਪਰ ਪਹੁੰਚੇ ਪੁਲਿਸ ਅਫ਼ਸਰਾਂ ਨੇ ਮ੍ਰਿਤਕ ਬੱਚੇ ਦੇ ਪਿਤਾ ਤੋਂ ਇਸ ਬਾਰੇ ਬੜੀ ਡੂੰਘਾਈ ਨਾਲ ਪੁੱਛਗਿੱਛ ਕੀਤੀ। ਮੌਕੇ ਤੇ ਪਹੁੰਚੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਉਚ ਅਧਿਕਾਰੀ ਨੂੰ ਵੀ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਕਤਲ ਦਾ ਪਤਾ ਲੱਗਣ ਤੇ ਮ੍ਰਿਤਕ ਬੱਚੇ ਨੂੰ ਦੇਖਣ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜਿਸ ਨੂੰ ਹੌਲਦਾਰ ਭਜਨ ਸਿੰਘ ਬਾਕੀ ਸਾਥੀਆਂ ਨਾਲ ਮਿਲ ਕੇ ਤਿੱਤਰ ਬਿੱਤਰ ਕਰਦੇ ਰਹੇ। ਪੁਲਿਸ ਨੂੰ ਮੌਕੇ ਤੋਂ ਦੋ ਹਥਿਆਰ ਮਿਲੇ ਹਨ। ਇਨ੍ਹਾਂ ਵਿੱਚ ਇੱਕ ਟੋਕਾ ਤੇ ਦੂਸਰਾ ਚਾਕੂ ਹੈ। ਬੱਚੇ ਦੀ ਗਰਦਨ ਹੇਠ ਵਾਰ ਕਰਕੇ ਬੜੀ ਹੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੈ।

ਮ੍ਰਿਤਕ ਬੱਚੇ ਦੇ ਨਜਦੀਕ ਮਿਲਿਆ ਟੋਕਾ

ਸੀ.ਸੀ. ਟੀਵੀ ਕੈਮਰੇ ਹੋ ਸਕਦੇ ਹਨ ਅਹਿਮ ਸਬੂਤ
ਜਿਸ ਜਗ੍ਹਾ ਤੇ ਇਹ ਹੱਤਿਆ ਹੋਈ ਹੈ ਉਸ ਦੇ ਸਾਹਮਣੇ ਹੀ ਦੋ ਦੁਕਾਨਾਂ ਉਪਰ ਸੀ.ਸੀ. ਟੀਵੀ ਕੈਮਰੇ ਲੱਗੇ ਹੋਏ ਹਨ। ਇਨ੍ਹਾਂ ਕੈਮਰਿਆ ਤੋਂ ਹੀ ਬੱਚੇ ਦੇ ਸਬਜੀ ਮੰਡੀ ਅੰਦਰ ਜਾਣ ਦਾ ਪਤਾ ਲੱਗਾ ਹੈ। ਅਜਿਹੇ ਵਿਚ ਹੋ ਸਕਦਾ ਹੈ ਕਿ ਕਾਤਲ ਵੀ ਕਿਤੇ ਨਾ ਕਿਤੇ ਇਨ੍ਹਾਂ ਕੈਮਰਿਆ ਵਿੱਚ ਕੈਦ ਹੋਇਆ ਹੋਵੇ। ਇਸ ਮਾਮਲੇ ਨੂੰ ਲੈ ਕੇ ਇੰਸਪੈਕਟਰ ਪ੍ਰੇਮ ਸਿੰਘ (ਇੰਚਾਰਜ CA.) ਆਪਣੀ ਟੀਮ ਨਾਲ ਦੇਰ ਰਾਤ ਤੱਕ ਸੀ.ਸੀ. ਟੀਵੀ ਫੁਟੇਜ ਖੰਗਾਲਦੇ ਰਹੇ। ਪਰ ਖਬਰ ਲਿਖੇ ਜਾਣ ਤੱਕ ਪੁਲਿਸ ਦੇ ਹੱਥ ਖਾਲੀ ਸਨ।

ਜਲਦ ਹੀ ਹੱਲ ਕਰ ਲਿਆ ਜਾਵੇਗਾ ਇਹ ਕਤਲ
ਸਾਡੇ ਪੱਤਰਕਾਰ ਸੋਨੂੰ ਅੰਬੇਡਕਰ ਨਾਲ ਗੱਲ ਕਰਦੇ ਹੋਏ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਜਲਦ ਹੀ ਇਸ ਕਤਲ ਦੇ ਦੋਸ਼ੀਆਂ ਦੀ ਪਛਾਣ ਕਰ ਲਈ ਜਾਵੇਗੀ। ਪੂਰੀ ਟੀਮ ਇਸ ਮਾਮਲੇ ਨੂੰ ਹੱਲ ਕਰਨ ਲਈ ਲੱਗੀ ਹੋਈ ਹੈ। ਦੋਸ਼ੀ ਜਲਦ ਹੀ ਸਲਾਖਾਂ ਪਿੱਛੇ ਹੋਣਗੇ। ਸੀ.ਸੀ. ਟੀਵੀ ਫੁਟੇਜ ਵਿਚ ਕੁਝ ਸ਼ੱਕੀ ਵਿਅਕਤੀ ਨਜ਼ਰ ਆਏ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈਂ ਕਤਲ ਕੇਸ ਜਲਦ ਹੀ ਸੁਲਝਾ ਲਿਆ ਜਾਵੇਗਾ।
ਪੁਲਿਸ ਨੇ ਬੱਚੇ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਜਿੱਥੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਤੋਂ ਹੀ ਪਤਾ ਲੱਗੇਗਾ ਕਿ ਬੱਚੇ ਨਾਲ ਕੀ ਕੀ ਵਾਪਰਿਆ ਹੈ। ਕਿਤੇ ਉਸ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ।
ਫਿਲਹਾਲ ਇਸ ਅੰਨ੍ਹੇ ਕਤਲ ਨੂੰ ਹੱਲ ਕਰਨ ਲਈ ਪੁਲਿਸ ਦੁਆਰਾ ਬੜੀ ਹੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

*