Home » Exclusive » ਬਾਇਓ ਮੈਡੀਕਲ ਵੇਸਟੇਜ਼ ਦੇ ਪ੍ਰਬੰਧਨ ਲਈ ਹੁਣ ਵਰਤੇ ਜਾਣਗੇ ਵਨਸਪਤੀ ਬੈਗ

ਬਾਇਓ ਮੈਡੀਕਲ ਵੇਸਟੇਜ਼ ਦੇ ਪ੍ਰਬੰਧਨ ਲਈ ਹੁਣ ਵਰਤੇ ਜਾਣਗੇ ਵਨਸਪਤੀ ਬੈਗ

-ਯੂਨੀਡੋ ਪ੍ਰੋਜੈਕਟ ਤਹਿਤ ਹਸਪਤਾਲਾਂ ਨੂੰ ਵੰਡੇ ਬੈਗ, ਪ੍ਰਦੂਸ਼ਣ ਘਟਾਉਣ ਵਿੱਚ ਹੋਣਗੇ ਸਹਾਈ

ਲੁਧਿਆਣਾ (ਜਸਵੀਰ ਕਲੋਤਰਾ)-ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਹੁਣ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਹਸਪਤਾਲਾਂ ਦੀ ਬਾਇਓ ਮੈਡੀਕਲ ਵੇਸਟ ਦੇ ਪ੍ਰਬੰਧਨ (ਇਕੱਠਾ ਅਤੇ ਸਟੋਰ ਕਰਨਾ) ਲਈ ਯੂਨਾਈਟਿਡ ਨੇਸ਼ਨਜ਼ ਇੰਡਸਟਰੀਅਲ ਡਿਵੈੱਲਪਮੈਂਟ ਆਰਗੇਨਾਈਜੇਸ਼ਨ (ਯੂਨੀਡੋ) ਪ੍ਰੋਜੈਕਟ ਤਹਿਤ ਵਿਸ਼ੇਸ਼ ਕਿਸਮ ਦੇ ਵਨਸਪਤੀ ਬੈਗ ਜਾਰੀ ਕੀਤੇ ਹਨ। ਬਾਇਓ ਮੈਡੀਕਲ ਵੇਸਟ ਹੁਣ ਪਲਾਸਟਿਕ ਦੇ ਬੈਗਾਂ ਦੀ ਬਿਜਾਏ ਵਨਸਪਤੀ ਬੈਗਾਂ ਵਿੱਚ ਇਕੱਠਾ ਅਤੇ ਸਟੋਰ ਕੀਤਾ ਜਾਇਆ ਕਰੇਗਾ, ਜਿਸ ਨਾਲ ਪ੍ਰਦੂਸ਼ਣ ਘਟਾਉਣ ਵਿੱਚ ਕਾਫੀ ਸਫ਼ਲਤਾ ਮਿਲੇਗੀ।

ਕੇਂਦਰੀ ਵਾਤਾਵਰਣ ਮੰਤਰਾਲਾ ਦੇ ਜੁਆਇੰਟ ਡਾਇਰੈਕਟਰ ਸ੍ਰੀ ਆਦਿਤਿਆ ਨਰਾਇਣ, ਯੂਨਾਈਟਿਡ ਨੇਸ਼ਨਜ਼ ਇੰਡਸਟਰੀਅਲ ਡਿਵੈੱਲਪਮੈਂਟ ਆਰਗੇਨਾਈਜੇਸ਼ਨ (ਯੂਨੀਡੋ) ਦੇ ਸ਼੍ਰੀਮਤੀ ਸ਼ਰਧਾ ਗੁਪਤਾ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਵਾਤਾਵਰਣ ਇੰਜੀਨੀਅਰ ਪ੍ਰਦੀਪ ਗੁਪਤਾ ਅਤੇ ਇੰਜੀਨੀਅਰ ਰਾਜੀਵ ਗਰਗ ਨੇ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਵੱਖ-ਵੱਖ ਹਸਪਤਾਲਾਂ ਦੇ ਪ੍ਰਤੀਨਿਧਾਂ ਨੂੰ ਲਾਲ ਰੰਗ ਦੇ ਵਨਸਪਤੀ ਬੈਗਾਂ ਦੀ ਵੰਡ ਕੀਤੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਪੰਜਾਬ ਦੇ ਸਿਹਤ ਕੇਂਦਰਾਂ ਵਿੱਚ ਬਾਇਓ ਮੈਡੀਕਲ ਵੇਸਟ ਦੇ ਪ੍ਰਬੰਧਨ ਲਈ 8-10 ਟਨ ਪ੍ਰਤੀ ਮਹੀਨਾ ਵਰਤੋਂ ਹੁੰਦੀ ਹੈ। ਉਪਰੋਕਤ ਅਧਿਕਾਰੀਆਂ ਨੇ ਹਸਪਤਾਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਪਲਾਸਟਿਕ ਦੇ ਬੈਗਾਂ ਦੀ ਵਰਤੋਂ ਦੀ ਬਿਜਾਏ ਵਨਸਪਤੀ ਬੈਗਾਂ ਦੀ ਵਰਤੋਂ ਕਰਕੇ ਵਾਤਾਵਰਣ ਨੂੰ ਬਚਾਉਣ ਅਤੇ ਪ੍ਰਦੂਸ਼ਣ ਘਟਾਉਣ ਵਿੱਚ ਯੋਗਦਾਨ ਪਾਉਣ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਬੋਰਡ ਨੇ ਇਨ੍ਹਾਂ ਬੈਗਾਂ ਦੀ ਵਰਤੋਂ ਸੰਬੰਧੀ ਸਫ਼ਲ ਤਜ਼ਰਬਾ ਲੁਧਿਆਣਾ, ਅੰਮ੍ਰਿਤਸਰ, ਮੋਹਾਲੀ ਅਤੇ ਪਟਿਆਲਾ ਦੇ ਪ੍ਰਮੁੱਖ ਹਸਪਤਾਲਾਂ ਵਿਖੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵਨਸਪਤੀ ਬੈਗ ਪੂਰੀ ਤਰ੍ਹਾਂ ਵਾਤਾਵਰਣ ਪੱਖੀ ਅਤੇ ਕੁਆਲਟੀ ਪੱਖੋਂ ਪੁਖ਼ਤਾ ਹਨ ਅਤੇ ਇਹਨਾਂ ਦੀ ਵਰਤੋਂ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਸਫ਼ਲ ਕੋਸ਼ਿਸ਼ ਸਾਬਿਤ ਹੋਵੇਗੀ।

Leave a Reply

Your email address will not be published. Required fields are marked *

*