Home » Punjab » -ਮਿਸ਼ਨ ਤੰਦਰੁਸਤ ਪੰਜਾਬ- ਸੂਬਾ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਮੁਹਿੰਮ ਸਫ਼ਲਤਾ ਵੱਲ

-ਮਿਸ਼ਨ ਤੰਦਰੁਸਤ ਪੰਜਾਬ- ਸੂਬਾ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਮੁਹਿੰਮ ਸਫ਼ਲਤਾ ਵੱਲ

ਮਿਸ਼ਨ ਤੰਦਰੁਸਤ ਪੰਜਾਬ-
ਸੂਬਾ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਮੁਹਿੰਮ ਸਫ਼ਲਤਾ ਵੱਲ
-ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਪ੍ਰੇਰਨਾ ਸਦਕਾ 9 ਨੌਜਵਾਨਾਂ ਨੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਹੋ ਕੇ ਇਲਾਜ਼ ਸ਼ੁਰੂ ਕਰਵਾਇਆ
-ਵਿਰੋਧੀ ਪਾਰਟੀਆਂ ਸਲਾਹਾਂ ਦੇਣ ਦੀ ਬਿਜਾਏ ਨਸ਼ਿਆਂ ਖ਼ਿਲਾਫ਼ ਕੰਮ ਕਰਕੇ ਦਿਖਾਉਣ
ਲੁਧਿਆਣਾ, 8 ਜੁਲਾਈ (ਕਮਲਜੀਤ/ਬਲਵੀਰ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸੂਬੇ ਦੇ ਹਰੇਕ ਵਰਗ ਦੇ ਲੋਕਾਂ ਨੂੰ ਸਰੀਰਕ ਅਤੇ ਤੰਦਰੁਸਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਸੂਬੇ ਵਿੱਚ ਵਿਆਪਕ ਨਸ਼ਾ ਛੁਡਾਊ ਮੁਹਿੰਮ ਵੱਡੇ ਪੱਧਰ ‘ਤੇ ਛੇੜੀ ਹੋਈ ਹੈ, ਜਿਸ ਨੂੰ ਹੁਣ ਦਿਨੋਂ ਦਿਨ ਸਫ਼ਲਤਾ ਮਿਲਣ ਲੱਗੀ ਹੈ। ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਚੱਲਦਿਆਂ ਸੂਬੇ ਵਿੱਚ ਨਸ਼ਾ ਵਿਰੋਧੀ ਮਾਹੌਲ ਸਿਰਜਿਆ ਜਾ ਚੁੱਕਾ ਹੈ ਅਤੇ ਨੌਜਵਾਨ ਆਪ ਮੁਹਾਰੇ ਨਸ਼ਾ ਛੱਡਣ ਲਈ ਅੱਗੇ ਆਉਣ ਲੱਗੇ ਹਨ। ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਦੀ ਪ੍ਰੇਰਨਾ ਦੇ ਸਦਕਾ ਅੱਜ ਵਿਧਾਨ ਸਭਾ ਹਲਕਾ ਦਾਖਾ ਦੇ 9 ਨੌਜਵਾਨਾਂ ਨੇ ਨਸ਼ਾ ਛੱਡ ਕੇ ਸਿਹਤਮੰਦ ਜੀਵਨ ਅਪਨਾਉਣ ਦਾ ਫੈਸਲਾ ਕੀਤਾ ਹੈ, ਜੋ ਕਿ ਹੋਰ ਨੌਜਵਾਨਾਂ ਲਈ ਵੀ ਪ੍ਰੇਰਨਾਦਾਇਕ ਹੈ।
ਸਥਾਨਕ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਖੇ ਇਹ ਜਾਣਕਾਰੀ ਦਿੰਦਿਆਂ ਸ੍ਰ. ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਅੱਜ ਉਹ ਹਲਕਾ ਦਾਖਾ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨਾਲ ਵਿਚਰ ਰਹੇ ਸਨ ਤਾਂ ਮੁੱਲਾਂਪੁਰ ਵਿਖੇ 5 ਨੌਜਵਾਨਾਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਮੁਹਿੰੰਮ ਤਹਿਤ ਇਲਾਜ ਕਰਾਉਣ ਦੀ ਇੱਛਾ ਪ੍ਰਗਟ ਕੀਤੀ। ਜਿਸ ‘ਤੇ ਉਨ੍ਹਾਂ ਤੁਰੰਤ ਉਨ੍ਹਾਂ ਦੇ ਮਾਪਿਆਂ ਨੂੰ ਭਰੋਸੇ ਵਿੱਚ ਲੈ ਕੇ ਸਿਵਲ ਹਸਪਤਾਲ ਲੁਧਿਆਣਾ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਨੌਜਵਾਨਾਂ ਦਾ ਇਲਾਜ਼ ਸ਼ੁਰੂ ਕੀਤਾ ਜਾਵੇ। ਇਨ੍ਹਾਂ ਨੌਜਵਾਨਾਂ ਤੋਂ ਹੀ ਪ੍ਰੇਰਨਾ ਲੈਂਦੇ ਹੋਏ ਪਿੰਡ ਜਾਂਗਪੁਰ ਦੇ 4 ਹੋਰ ਨੌਜਵਾਨਾਂ ਨੇ ਵੀ ਸਿਹਤਮੰਦ ਸਮਾਜ ਦਾ ਹਿੱਸਾ ਬਣਕੇ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਹਾਮੀ ਭਰੀ। ਉਨ੍ਹਾਂ ਨੂੰ ਵੀ ਅੱਜ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਸ੍ਰ. ਬਿੱਟੂ ਇਨ੍ਹਾਂ ਨੌਜਵਾਨਾਂ ਨੂੰ ਇਲਾਜ਼ ਲਈ ਭਰਤੀ ਕਰਾਉਣ ਲਈ ਖੁਦ ਹਸਪਤਾਲ ਪੁੱਜੇ। ਇਸ ਮੌਕੇ ਉਨਾ ਨਾਲ ਸਾਬਕਾ ਮੰਤਰੀ ਸ੍ਰ. ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਕਾਂਗਰਸ ਪਾਰਟੀ (ਦਿਹਾਤੀ) ਦੇ ਪ੍ਰਧਾਨ ਸ੍ਰ. ਗੁਰਦੇਵ ਸਿੰਘ ਲਾਪਰਾਂ ਅਤੇ ਉਨ੍ਹਾਂ ਦੇ ਨਿੱਜੀ ਸਹਾਇਕ ਸ੍ਰ. ਹਰਜਿੰਦਰ ਸਿੰਘ ਢੀਂਡਸਾ ਵੀ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਉਹ ਇਨ੍ਹਾਂ ਨੌਜਵਾਨਾਂ ਨੂੰ ਨਸ਼ਾਮੁਕਤ ਕਰਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਫ਼ਲ, ਕੱਪੜੇ, ਦਵਾਈਆਂ ਅਤੇ ਹੋਰ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨੌਜਵਾਨਾਂ ਨੂੰ ਨਸ਼ਾਮੁਕਤ ਕਰਾਉਣ ਲਈ ਆਪਣਾ ਸਹਿਯੋਗ ਕਰਨ। ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਲੋਕ ਉਨ੍ਹਾਂ ਨੂੰ ਉਨ੍ਹਾਂ ਲਈ ਜ਼ਰੂਰਤ ਵਸਤਾਂ ਪਹੁੰਚਦੀਆਂ ਕਰਨ ਤਾਂ ਜੋ ਉਹ ਮਾਨਸਿਕ ਤੌਰ ‘ਤੇ ਬਲਵਾਨ ਹੋਣ।
ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਉਨ੍ਹਾਂ ਵਿਰੋਧੀ ਧਿਰਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਸਲਾਹਾਂ ਦੇਣ ਦੀ ਬਿਜਾਏ ਨਸ਼ੇ ਨੂੰ ਰੋਕਣ ਲਈ ਕੰਮ ਕਰਕੇ ਦਿਖਾਉਣ। ਵਿਰੋਧੀ ਧਿਰ ਦੇ ਨੇਤਾ ਸ੍ਰ. ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਪੁਲਿਸ ਮੁੱਖੀ ਨੂੰ ਛੁੱਟੀ ‘ਤੇ ਭੇਜਣ ਬਾਰੇ ਬਿਆਨ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਹਿਰਾ ਦੀ ਮੁਤਾਬਿਕ ਨਹੀਂ ਚੱਲੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਸਰਕਾਰ ਦਾ ਸਹਿਯੋਗ ਦੇਣ। ਜੇਕਰ ਉਨ੍ਹਾਂ ਦੇ ਧਿਆਨ ਵਿੱਚ ਕੋਈ ਨਸ਼ਾ ਕਾਰੋਬਾਰੀ ਹੈ ਤਾਂ ਉਸ ਬਾਰੇ ਪੁਲਿਸ ਨੂੰ ਗੁਪਤ ਸੂਚਨਾ ਦਿੱਤੀ ਜਾਵੇ। ਇਸ ਮੌਕੇ ਉਨਾ ਡਾਕਟਰਾਂ ਨੂੰ ਇਲਾਜ਼ ਸੰਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ।

Leave a Reply

Your email address will not be published. Required fields are marked *

*