Home » Punjab » ਸ਼ਹਿਰ ਲੁਧਿਆਣਾ ਦੀ ਬਿਜਲੀ ਵਿਵਸਥਾ ਦੀ ਕੀਤੀ ਜਾਵੇਗੀ ਕਾਇਆ ਕਲਪ

ਸ਼ਹਿਰ ਲੁਧਿਆਣਾ ਦੀ ਬਿਜਲੀ ਵਿਵਸਥਾ ਦੀ ਕੀਤੀ ਜਾਵੇਗੀ ਕਾਇਆ ਕਲਪ

ਪੰਜਾਬ ਸਰਕਾਰ ਵੱਲੋਂ ਬਿਜਲੀ ਢਾਂਚੇ ਨੂੰ ਨਵਿਆਉਣ ਲਈ 64.82 ਕਰੋੜ ਰੁਪਏ ਜਾਰੀ

-ਪ੍ਰੋਜੈਕਟ ਨਾਲ ਉਦਯੋਗਾਂ ਅਤੇ ਘਰੇਲੂ ਖ਼ਪਤਕਾਰਾਂ ਨੂੰ ਮਿਲੇਗਾ ਵੱਡਾ ਲਾਭ-ਰਵਨੀਤ ਸਿੰਘ ਬਿੱਟੂ

ਲੁਧਿਆਣਾ(ਬਲਵੀਰ ਸਿੰਘ/ਵਿਕਾਸ)-ਸੂਬੇ ਦੇ ਸਨਅਤੀ ਸ਼ਹਿਰ ਲੁਧਿਆਣਾ ਦੀ ਬਿਜਲੀ ਸੰਚਾਰ ਅਤੇ ਵੰਡ ਵਿਵਸਥਾ ਨੂੰ ਦਰੁਸਤ ਕਰਨ ਲਈ ਪੰਜਾਬ ਸਰਕਾਰ ਵੱਲੋਂ 64.82 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਅੱਜ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ ਫੋਕਲ ਪੁਆਇੰਟ ਅਤੇ ਸਨਅਤੀ ਖੇਤਰਾਂ ਵਿੱਚ ਪੈਂਦੀ ਪੂਰੀ ਬਿਜਲੀ ਵਿਵਸਥਾ ਵਿੱਚ ਸੁਧਾਰ ਲਿਆਂਦਾ ਜਾਣਾ ਹੈ। ਇਹ ਪ੍ਰੋਜੈਕਟ ਇਸੇ ਸਾਲ ਸਤੰਬਰ ਮਹੀਨੇ ਵਿੱਚ ਸ਼ੁਰੂ ਹੋ ਜਾਵੇਗਾ, ਜੋ ਕਿ ਕਰੀਬ ਡੇਢ ਸਾਲ ਵਿੱਚ ਪੂਰਾ ਹੋਵੇਗਾ। ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਟੈਂਡਰ ਪ੍ਰਕਿਰਿਆ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੀਆਂ ਪੰਜ ਸਬ ਡਵੀਜ਼ਨਾਂ (ਲੁਧਿਆਣਾ ਸਿਟੀ ਵੈੱਸਟ, ਸੀ. ਐੱਮ. ਸੀ., ਫੋਕਲ ਪੁਆਇੰਟ, ਅਰਬਨ ਅਸਟੇਟ ਅਤੇ ਸੁੰਦਰ ਨਗਰ) ਦੇ 417 ਫੀਡਰਾਂ ਦੀ ਬਿਜਲੀ ਵੰਡ ਅਤੇ ਸੰਚਾਰ ਵਿਵਸਥਾ ਨੂੰ ਨਵਿਆਇਆ ਜਾਣਾ ਹੈ। ਇਸ ਰਾਸ਼ੀ ਨਾਲ 163.22 ਕਿਲੋਮੀਟਰ ਲੋਅ-ਟੈਂਸ਼ਨ ਤਾਰਾਂ, 626.66 ਕਿਲੋਮੀਟਰ ਹਾਈ-ਟੈਂਸ਼ਨ ਤਾਰਾਂ ਨੂੰ ਬਦਲਿਆ ਅਤੇ ਨਵੀਂਆਂ ਪਾਈਆਂ ਜਾਣਗੀਆਂ, ਇਸ ਤੋਂ ਇਲਾਵਾ 1197 ਹਾਈ-ਟੈਂਸ਼ਨ ਕੁਨੈਕਸ਼ਨ ਵੀ ਦੁਬਾਰਾ ਕੀਤੇ ਜਾਣਗੇ, ਜਿਸ ਨਾਲ ਖ਼ਪਤਕਾਰਾਂ ਨੂੰ ਭਾਰੀ ਲਾਭ ਮਿਲੇਗਾ।ਸ੍ਰ. ਬਿੱਟੂ ਨੇ ਕਿਹਾ ਕਿ ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਸਨਅਤੀ ਸ਼ਹਿਰ ਦੀ ਬਿਜਲੀ ਵਿਵਸਥਾ ਵਿੱਚ ਵੱਡਾ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਬਿਜਲੀ ਘੱਟਣ-ਵੱਧਣ ਅਤੇ ਸਮੇਂ-ਸਮੇਂ ‘ਤੇ ਕੱਟ ਲੱਗਣ ਦੀ ਸਮੱਸਿਆ ਤੋਂ ਕਾਫੀ ਛੁਟਕਾਰਾ ਮਿਲੇਗਾ। ਇਸ ਦੇ ਨਾਲ ਹੀ ਇਸ ਨਾਲ ਸ਼ਾਟ ਸਰਕਟ ਅਤੇ ਬਿਜਲੀ ਨਾਲ ਵਾਪਰਨ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਵੀ ਵੱਡੇ ਪੱਧਰ ‘ਤੇ ਘਟ ਜਾਣਗੀਆਂ।
ਸ੍ਰ. ਬਿੱਟੂ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਐਤਕੀਂ ਹਰੇਕ ਵਰਗ ਦੇ ਖ਼ਪਤਕਾਰਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ ਵਧੀਆ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ।  ਉਨ੍ਹਾਂ ਮੁੜ ਦੁਹਰਾਇਆ ਕਿ ਸੂਬੇ ਵਿੱਚ ਬਿਜਲੀ ਦੀ ਕਮੀ ਨਹੀਂ ਹੈ। ਪੰਜਾਬ ਸਰਕਾਰ ਨੇ ਉਦਯੋਗਾਂ ਮੁੜ ਤੋਂ ਪੈਰਾਂ ਸਿਰ ਕਰਨ ਲਈ ਜਿੱਥੇ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣ ਦਾ ਵਾਅਦਾ ਨਿਭਾਇਆ ਹੈ, ਉਥੇ ਹੀ ਛੋਟੀਆਂ ਸਨਅਤਾਂ ਨੂੰ ਵੀ ਹੋਰ ਸਹੂਲਤਾਂ ਦਾ ਲਾਭ ਦਿਵਾਉਣ ਦਾ ਵਾਅਦਾ ਪੂਰਾ ਕੀਤਾ ਜਾਵੇਗਾ।

Leave a Reply

Your email address will not be published. Required fields are marked *

*