Home » National » ਪੰਜਾਬ ਵਿਚ ਧਾਰਾ 144 ਲਾਗੂ, ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ

ਪੰਜਾਬ ਵਿਚ ਧਾਰਾ 144 ਲਾਗੂ, ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ

ਸੜਕੀ ਆਵਾਜਾਈ ਵੀ ਹੋ ਸਕਦੀ ਹੈ ਪ੍ਰਭਾਵਿਤ

ਚੰਡੀਗੜ੍ਹ,(ਗੁਰਬਿੰਦਰ ਸਿੰਘ)23ਅਗਸਤ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਰਾਜ ਦੇ ਸਿਵਲ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਡੇਰਾ ਸੱਚਾ ਸੌਦਾ ਮੁਖੀ ਦੀ ਸੀ. ਬੀ. ਆਈ. ਅਦਾਲਤ ‘ਚ 25 ਅਗਸਤ ਦੀ ਪੇਸ਼ੀ ਨੂੰ ਲੈ ਕੇ ਰਾਜ ‘ਚ ਪੈਦਾ ਹੋਈ ਹੰਗਾਮੀ ਸਥਿਤੀ ‘ਤੇ ਵਿਚਾਰ ਕਰਨ ਤੋਂ ਬਾਅਦ ਸਮੁੱਚੇ ਰਾਜ ‘ਚ ਧਾਰਾ 144 ਲਾਗੂ ਕਰਨ ਅਤੇ ਹਥਿਆਰ ਲੈ ਕੇ ਤੁਰਨ ਫਿਰਨ ‘ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਨਾਲ 25 ਅਗਸਤ ਨੂੰ ਰਾਜ ਦੇ ਸਮੁੱਚੇ ਸਕੂਲ ਤੇ ਕਾਲਜ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ |
ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਕੋਲ ਖ਼ਦਸ਼ਾ ਪ੍ਰਗਟ ਕੀਤਾ ਸੀ ਕਿ 24 ਅਗਸਤ ਦੀ ਰਾਤ ਨੂੰ ਰਾਜ ਦੇ ਬਹੁਤ ਸਾਰੇ ਜ਼ਿਲਿਆਂ ‘ਚੋਂ ਡੇਰਾ ਸਮਰਥਕ ਪੰਚਕੂਲਾ ਵੱਲ ਤੁਰਨ ਦਾ ਪ੍ਰੋਗਰਾਮ ਬਣਾ ਰਹੇ ਹਨ, ਜਿਸ ਕਾਰਨ ਆਵਾਜਾਈ ਦੇ ਰਸਤੇ ਬੰਦ ਹੋ ਸਕਦੇ ਹਨ ਅਤੇ ਆਮ ਲੋਕਾਂ ਨੂੰ ਸਕੂਲ/ਕਾਲਜ ਅਤੇ ਦੂਜੀ ਜਗ੍ਹਾਵਾਂ ਤੱਕ ਪਹੁੰਚਣ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |
ਇਸ ਲਈ ਜੇਕਰ ਕੱਲ੍ਹ 25 ਤਰੀਕ ਨੂੰ ਜੇ ਬਹੁਤ ਜ਼ਿਆਦਾ ਜਰੂਰੀ ਨਾ ਹੋਵੇ ਤਾਂ ਘਰ ਵਿੱਚ ਹੀ ਰਹੋ ਅਤੇ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਪ੍ਰੋਗਰਾਮ ਬਣਾਓ |

ਸੁਰੱਖਿਆ ਬਲਾਂ ਦੀਆਂ 10 ਹੋਰ ਟੀਮਾਂ ਬੁਲਾਇਆ
ਮੀਟਿੰਗ ਦੌਰਾਨ ਰਾਜ ਦੇ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਵੱਲੋਂ ਦੱਸਿਆ ਗਿਆ ਕਿ ਕੇਂਦਰ ਤੋਂ ਰਾਜ ਨੂੰ ਸੁਰੱਖਿਆ ਬਲਾਂ ਦੀਆਂ 10 ਕੰਪਨੀਆਂ ਹੋਰ ਮਿਲ ਗਈਆਂ ਹਨ ਅਤੇ ਹੁਣ ਰਾਜ ‘ਚ ਕੇਂਦਰੀ ਸੁਰੱਖਿਆ ਬਲਾਂ ਦੀਆਂ 85 ਕੰਪਨੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ |

ਪੰਜਾਬ ਹਰਿਆਣਾ ਸਰਹੱਦ ਤੇ ਮਜਬੂਤ ਸਕਿਓਰਿਟੀ 

ਹਰਿਆਣਾ ਨਾਲ ਲੱਗਦੀ ਸਰਹੱਦ ‘ਤੇ ਵੀ ਸੁਰੱਖਿਆ ਮਜ਼ਬੂਤ ਕਰਨ ‘ਤੇ ਸਰਹੱਦ ਨੂੰ ਸੀਲ ਕਰਨ ਦਾ ਫ਼ੈਸਲਾ ਲਿਆ ਗਿਆ ਤਾਂ ਜੋ ਹਰਿਆਣਾ ਵੱਲੋਂ ਡੇਰਾ ਸੇਵਕ ਪੰਜਾਬ ‘ਚ ਦਾਖ਼ਲ ਨਾ ਹੋ ਸਕਣ |
ਅਤਿ ਸੰਵੇਦਨਸੀਲ ਇਲਾਕਿਆਂ ਤੇ ਖਾਸ ਨਜਰ
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸੰਵੇਦਨਸ਼ੀਲ ਖ਼ੇਤਰਾਂ ਬਰਨਾਲਾ, ਸੰਗਰੂਰ, ਬਠਿੰਡਾ, ਮੋਗਾ, ਪਟਿਆਲਾ ਤੇ ਲੁਧਿਆਣਾ ਆਦਿ ਵਿਖੇ ਪੁਲਿਸ ਤਾਇਨਾਤ ਕੀਤੀ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਨੂੰ 24 ਘੰਟੇ ਗਸ਼ਤ ਜਾਰੀ ਰੱਖਣ ਲਈ ਕਿਹਾ ਗਿਆ ਹੈ|

ਨਾਮ ਚਰਚਾ ਘਰਾਂ ਤੇ ਰਹੇਗੀ ਖਾਸ ਨਜਰ

ਮੀਟਿੰਗ ਦੌਰਾਨ ਡੇਰਾ ਸੱਚਾ ਸੌਦਾ ਦੇ ਕੁਝ ਨਾਮ ਚਰਚਾ ਘਰਾਂ ‘ਚ ਪੈਟਰੋਲ, ਹਥਿਆਰ ਅਤੇ ਪੱਥਰ ਆਦਿ ਇਕੱਠੇ ਕਰਨ ਦੀਆਂ ਰਿਪੋਰਟਾਂ ‘ਤੇ ਵੀ ਵਿਚਾਰ ਹੋਇਆ ਅਤੇ ਮੁੱਖ ਮੰਤਰੀ ਵੱਲੋਂ ਆਦੇਸ਼ ਦਿੱਤਾ ਗਿਆ ਕਿ ਸੂਬੇ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਕਾਇਮ ਰੱਖਣ ਲਈ ਅਜਿਹੇ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਹੋਵੇ ਅਤੇ ਕਿਸੇ ਨੂੰ ਵੀ ਹਥਿਆਰ ਜਾਂ ਵਿਸਫੋਟਕ ਆਦਿ ਦਾ ਜ਼ਖੀਰਾ ਜਮ੍ਹਾਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ |
5 ਵਾਇਰਲ ਸੈੱਟ ਬਰਾਮਦ
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪੁਲਿਸ ਵੱਲੋਂ ਡੇਰਾ ਸੱਚਾ ਸੌਦਾ ਦੇ ਸੇਵਕਾਂ ਤੋਂ ਅੱਜ 5 ਵਾਇਰਲ ਸੈੱਟ ਫ਼ੜੇ ਗਏ ਅਤੇ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਹਥਿਆਰ ਇਕੱਠੇ ਕਰਨ ਦੀਆਂ ਰਿਪੋਰਟਾਂ ਦੀ ਪੁਸ਼ਟੀ ਲਈ ਵੀ ਕਾਰਵਾਈ ਚੱਲ ਰਹੀ ਹੈ |

ਅਫਵਾਹਾਂ ਤੇ ਵੀ ਰੱਖੇਗੀ ਪੁਲਿਸ ਖਾਸ ਨਜਰ
ਅਫ਼ਵਾਹਾਂ ‘ਤੇ ਨਜ਼ਰ ਰੱਖਣ ਲਈ ਸੋਸ਼ਲ ਮੀਡੀਆ ‘ਤੇ ਵੀ ਕਰੜੀ ਨਜ਼ਰ ਰੱਖੀ ਜਾਵੇਗੀ। ਲੋੜ ਪੈਣ ਉਪਰ ਇੰਟਰਨੇਟ ਦੀ ਸੁਵਿਧਾ ਵੀ ਬੰਦ ਕੀਤੀ ਜਾ ਸਕਦੀ ਹੈ|
ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਆਦੇਸ਼ ਦਿੱਤੇ ਕਿ ਕਿਸੇ ਵੀ ਵਿਅਕਤੀ ਨੂੰ ਅਮਨ ਸ਼ਾਂਤੀ ਨਾਲ ਖਿਲਵਾੜ ਦੀ ਇਜਾਜ਼ਤ ਨਾ ਦਿੱਤੀ ਜਾਵੇ ਤੇ ਸੜਕੀ ਤੇ ਰੇਲ ਮਾਰਗਾਂ ‘ਚ ਰੁਕਾਵਟਾਂ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਕਾਮਯਾਬ ਨਾ ਹੋਣ ਦਿੱਤਾ ਜਾਵੇ |

Leave a Reply

Your email address will not be published. Required fields are marked *

*