Home » National » ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਗ੍ਰਿਫਤਾਰ

ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਗ੍ਰਿਫਤਾਰ


ਲੁਧਿਆਣਾ,(JT NEWS TEAM) 19 ਅਗਸਤ:- ਸਰਕਾਰੀ ਦਫਤਰਾਂ, ਖਾਸ ਕਰ ਰੈਵੇਨਿਊ ਵਿਭਾਗ ਵਿਚ ਫੈਲਿਆ ਭ੍ਰਿਸ਼ਟਾਚਾਰ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ੁੱਕਰਵਾਰ ਨੂੰ ਵਿਜੀਲੈਂਸ ਵਿਭਾਗ ਨੇ ਮਾਂਗਟ ਪਟਵਾਰਖਾਨੇ ਵਿਚ ਛਾਪੇਮਾਰੀ ਕਰਦੇ ਹੋਏ ਜਿਸ ਪਟਵਾਰੀ ਅਤੇ ਉਸ ਦੇ ਕਰਿੰਦੇ ਨੂੰ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ, ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ‘ਤੇ ਲਿਆ ਹੈ ਅਤੇ ਇਸ ਦੌਰਾਨ ਦੋਸ਼ੀ ਪਟਵਾਰੀ ਵੱਲੋਂ ਰਿਸ਼ਵਤ ਦੀ ਰਕਮ ਨਾਲ ਇਕੱਠੀ ਕੀਤੀ ਨਾਜਾਇਜ਼ ਜਾਇਦਾਦ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਮਾਂਗਟ ਪਟਵਾਰਖਾਨਾ ਸ਼ਹਿਰ ਦੇ ਸਭ ਤੋਂ ਕਮਾਈ ਵਾਲੇ ਪਟਵਾਰ ਸਰਕਲਾਂ ‘ਚ ਸ਼ਾਮਲ ਮੰਨਿਆ ਜਾਂਦਾ ਹੈ। ਬੀਤੇ ਮਹੀਨੇ ਵੀ ਵਿਜੀਲੈਂਸ ਵੱਲੋਂ ਇਸੇ ਸਰਕਲ ਦੇ ਇਕ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਤੀਸ਼ ਕੁਮਾਰ ਨੂੰ ਬਤੌਰ ਪਟਵਾਰੀ ਇਥੇ ਤਾਇਨਾਤ ਕੀਤਾ ਗਿਆ ਸੀ, ਜਿਸ ਨੇ ਆਪਣੇ ਨਾਲ ਨਿਜੀ ਸਹਿਯੋਗੀ ਰਮਨ ਕੁਮਾਰ ਨੂੰ ਵੀ ਦਫਤਰ ‘ਚ ਲਗਾ ਲਿਆ। ਇਸੇ ਦੌਰਾਨ ਜੋਤੀ ਸ਼ਰਮਾ ਨਾਮੀ ਔਰਤ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਕਿ ਦੋਸ਼ੀ ਪਟਵਾਰੀ ਅਤੇ ਉਸ ਦਾ ਕਰਿੰਦਾ ਇੰਤਕਾਲ ਬਦਲੇ ਉਸ ਕੋਲੋਂ 9 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਹੇ ਹਨ। ਇਸ ‘ਤੇ ਇੰਸਪੈਕਟਰ ਨਿਰਦੋਸ਼ ਕੌਰ ਦੀ ਅਗਵਾਈ ਵਾਲੀ ਟੀਮ ਨੇ ਛਾਪੇਮਾਰੀ ਕਰ ਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

Leave a Reply

Your email address will not be published. Required fields are marked *

*