Home » Punjab » ਉਲੰਘਣਾ ਕਰਨ ਵਾਲੀਆਂ ਸਨਅਤਾਂ ਅਤੇ ਸਾਥ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਓ. ਪੀ. ਸੋਨੀ

ਉਲੰਘਣਾ ਕਰਨ ਵਾਲੀਆਂ ਸਨਅਤਾਂ ਅਤੇ ਸਾਥ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਓ. ਪੀ. ਸੋਨੀ

 

ਦੀਆਂ ਰੰਗਾਈ ਸਨਅਤਾਂ ਨੂ ਮਾਪਦੰਡ ਪੂਰੇ ਕਰਨ ਲਈ ਦੋ ਮਹੀਨੇ ਦਾ ਸਮਾਂ

ਉਲੰਘਣਾ ਕਰਨ ਵਾਲੀਆਂ ਸਨਅਤਾਂ ਅਤੇ ਸਾਥ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਓ. ਪੀ. ਸੋਨੀ
ਕਿਹਾ! ”ਸਨਅਤਾਂ ਸੂਬੇ ਦੇ ਵਿਕਾਸ ਦੀ ਰੀੜ ਦੀ ਹੱਡੀ,ਬੰਦ ਨਹੀਂ ਹੋਣ ਦਿੱਤੀਆਂ ਜਾਣਗੀਆਂ ਪਰ ਵਾਤਾਵਰਣ ਪਲੀਤ ਕਰਨਾ ਵੀ ਬਰਦਾਸ਼ਤ ਨਹੀਂ”
ਰੰਗਾਈ ਸਨਅਤਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਅਤੇ ਬੁੱਢੇ ਨਾਲ਼ੇ ਦਾ ਦੌਰਾ
ਲੁਧਿਆਣਾ(ਪਵਨ ਕੁਮਾਰ)ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸ਼ੁੱਧ ਹਵਾ, ਪਾਣੀ, ਭੋਜਨ ਅਤੇ ਸਾਫ਼ ਵਾਤਾਵਰਣ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਸ਼ਹਿਰ ਲੁਧਿਆਣਾ ਦੇ ਬੁੱਢਾ ਨਾਲ਼ੇ ਨੂੰ ਸਾਫ਼ ਕਰਨ ਦਾ ਤਹੱਈਆ ਕੀਤਾ ਹੈ, ਜਿਸ ਦੇ ਪ੍ਰਦੂਸ਼ਿਤ ਪਾਣੀ ਨਾਲ ਕਥਿਤ ਤੌਰ ‘ਤੇ ਕਈ ਬਿਮਾਰੀਆਂ ਫੈਲ ਰਹੀਆਂ ਹਨ। ਇਸ ਨਾਲ਼ੇ ਵਿੱਚ ਪ੍ਰਦੂਸ਼ਿਤ ਪਾਣੀ ਪਾਉਣ ਦਾ ਵੱਡਾ ਦੋਸ਼ ਇਥੋਂ ਦੀਆਂ ਰੰਗਾਈ ਨਾਲ ਸੰਬੰਧਤ ਸਨਅਤਾਂ ‘ਤੇ ਲੱਗਦਾ ਹੈ। ਜਿਨ੍ਹਾਂ ਦੇ ਨੁਮਾਇੰਦਿਆਂ ਨਾਲ ਪੰਜਾਬ ਸਰਕਾਰ ਦੇ ਵਾਤਾਵਰਣ, ਸਿੱਖਿਆ ਅਤੇ ਸੁਤੰਤਰਤਾ ਸੈਨਾਨੀ ਭਲਾਈ ਵਿਭਾਗਾਂ ਦੇ ਕੈਬਨਿਟ ਮੰਤਰੀ ਸ਼੍ਰੀ ਓ. ਪੀ. ਸੋਨੀ ਨੇ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਉਹ ਸਨਅਤਾਂ ਚਲਾਉਣ ਲਈ ਨਿਰਧਾਰਤ ਮਾਪਦੰਡ ਦੋ ਮਹੀਨੇ ਵਿੱਚ ਪੂਰੇ ਕਰ ਲੈਣ। ਅੱਜ ਸਥਾਨਕ ਸਰਕਟ ਹਾਊਸ ਵਿਖੇ ਵੱਖ-ਵੱਖ ਰੰਗਾਈ ਸਨਅਤਾਂ ਅਤੇ ਜਥੇਬੰਦੀਆਂ ਨਾਲ ਮੀਟਿੰਗ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਸਨਅਤਾਂ ਨੂੰ ਸੂਬੇ ਦੇ ਵਿਕਾਸ ਦੀ ਰੀੜ ਦੀ ਹੱਡੀ ਮੰਨਦੀ ਹੈ, ਜਿਸ ਕਰਕੇ ਇਥੋਂ ਦੀਆਂ ਸਨਅਤਾਂ ਨੂੰ ਕਦੇ ਵੀ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਪਰ ਸਨਅਤਾਂ ਨੂੰ ਚਲਾਉਣ ਦੇ ਨਾਮ ‘ਤੇ ਵਾਤਾਵਰਣ ਵਿੱਚ ਪ੍ਰਦੂਸ਼ਣ ਫੈਲਾਉਣਾ ਅਤੇ ਮਨੁੱਖੀ ਸਿਹਤ ਨਾਲ ਖ਼ਿਲਵਾੜ ਵੀ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਰੰਗਾਈ ਦਾ ਕੰਮ ਕਰਨ ਵਾਲੀਆਂ ਕਈ ਸਨਅਤਾਂ ਵਿੱਚ ਪਾਣੀ ਸੋਧਕ ਪਲਾਂਟ (ਵਾਟਰ ਟਰੀਟਮੈਂਟ ਪਲਾਂਟ) ਨਹੀਂ ਲੱਗੇ ਹੋਏ, ਜਿਨ੍ਹਾਂ ਦੇ ਲੱਗੇ ਵੀ ਹੋਏ ਹਨ, ਉਹ ਕੰਮ ਨਹੀਂ ਕਰ ਰਹੇ ਹਨ, ਨਤੀਜਤਨ ਇਨ੍ਹਾਂ ਸਨਅਤਾਂ ਦਾ ਭਾਰੀ ਮਾਤਰਾ ਵਿੱਚ ਪ੍ਰਦੂਸ਼ਿਤ ਪਾਣੀ ਬੁੱਢੇ ਨਾਲ਼ੇ ਵਿੱਚ ਜਾ ਰਿਹਾ ਹੈ, ਜੋ ਅੱਗੇ ਜਾ ਕੇ ਲੋਕਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੀਆਂ ਸਨਅਤਾਂ ਦੀ ਖੁਦ ਜਾਂਚ ਕਰਨ ਕਿ ਉਹ ਰੰਗਾਈ ਸਨਅਤ ਨੂੰ ਚਲਾਉਣ ਲਈ ਨਿਰਧਾਰਤ ਮਾਪਦੰਡ ਪੂਰੇ ਕਰਦੀਆਂ ਹਨ। ਜੇਕਰ ਨਹੀਂ ਤਾਂ ਦੋ ਮਹੀਨੇ ਬਾਅਦ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਆਰੰਭੀ ਜਾਵੇ। ਜਿਆਦਾਤਰ ਅਧਿਕਾਰੀਆਂ ਦੀ ਸਨਅਤਕਾਰਾਂ ਨਾਲ ਮਿਲੀਭੁਗਤ ਬਾਰੇ ਪਤਾ ਲੱਗਣ ‘ਤੇ ਸ਼੍ਰੀ ਸੋਨੀ ਨੇ ਕਿਹਾ ਕਿ ਜੋ ਅਧਿਕਾਰੀ ਆਪਣੀ ਡਿਊਟੀ ਪ੍ਰਤੀ ਲਾਪਰਵਾਹੀ ਜਾਂ ਅਣਦੇਖੀ ਕਰੇਗਾ, ਉਸਦਾ ਤੁਰੰਤ ਤਬਾਦਲਾ ਕਰਨ ਦੇ ਨਾਲ-ਨਾਲ ਉਸ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਸਨਅਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਨਅਤਾਂ ਵਿੱਚ ਬਾਲਣ ਦੇ ਤੌਰ ‘ਤੇ ਨਾ-ਬਾਲਣਯੋਗ ਸਮੱਗਰੀ (ਟਾਇਰ, ਕੂੜਾ, ਲੀਰਾਂ ਆਦਿ) ਦੀ ਵਰਤੋਂ ਨਾ ਕਰਨ, ਜਿਸ ਨਾਲ ਸਾਰੇ ਵਾਤਾਵਰਣ ਵਿੱਚ ਕਾਲੀ ਗਹਿਰ ਅਤੇ ਪ੍ਰਦੂਸ਼ਣ ਫੈਲਦਾ ਹੈ। ਸ਼ਹਿਰ ਵਿੱਚ ਲੱਗ ਰਹੇ ਤਿੰਨ ਸਾਂਝੇ ਪ੍ਰਦੂਸ਼ਣ ਸੋਧਕ ਪਲਾਂਟਾਂ (ਸੀ. ਈ. ਟੀ. ਪੀ.) ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਇਨ੍ਹਾਂ ਪਲਾਟਾਂ ਨੂੰ ਜਲਦ ਚਲਾਉਣ ਲਈ ਦ੍ਰਿੜ ਯਤਨਸ਼ੀਲ ਹੈ। ਇਨ੍ਹਾਂ ਪ੍ਰੋਜੈਕਟਾਂ ਲਈ ਪੰਜਾਬ ਸਰਕਾਰ ਵੱਲੋਂ ਬਣਦੇ ਫੰਡ ਪਹਿਲਾਂ ਹੀ ਮੁਹੱਈਆ ਕਰਵਾ ਦਿੱਤੇ ਗਏ ਹਨ, ਜਦਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਰਾਸ਼ੀ ਦੀ ਪ੍ਰਕਿਰਿਆ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਰਾਸ਼ੀ ਨਾਲ ਅਤੇ ਸਨਅਤਾਂ ਵੱਲੋਂ ਪਾਏ ਹਿੱਸੇ ਨਾਲ ਇਨ੍ਹਾਂ ਪਲਾਟਾਂ ਦਾ ਕੰਮ ਕਾਫੀ ਹੱਦ ਤੱਕ ਮੁਕੰਮਲ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਸੀ. ਈ. ਟੀ. ਪੀਜ਼ ਲਗਾਉਣ ਵੇਲੇ ਕੀਤੀ ਗਈ ਮਾਈਨਿੰਗ ਅਤੇ ਮਿੱਟੀ ਦੀ ਕਥਿਤ ਹੇਰਾਫੇਰੀ ਮਾਮਲੇ ਦੀ ਜਾਂਚ ਕਰਾਉਣ ਲਈ ਕਮੇਟੀ ਦਾ ਗਠਨ ਕਰਨ ਦਾ ਵੀ ਐਲਾਨ ਕੀਤਾ।  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਚੰਗੀ ਸਿਹਤ, ਸਮੇਂ ਦੇ ਹਾਣ ਦੀ ਸਿੱਖਿਆ ਅਤੇ ਸ਼ੁੱਧ ਵਾਤਾਵਰਣ ਦੇਣ ਨੂੰ ਸਭ ਤੋਂ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਬਤੌਰ ਵਾਤਾਵਰਣ ਮੰਤਰੀ ਸੂਬੇ ਵਿੱਚ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਯਤਨ ਕਰ ਰਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਅਗਲੇ 6 ਮਹੀਨੇ ਵਿੱਚ ਸਾਰੇ ਸਿਸਟਮ ਨੂੰ ਸੁਧਾਰਨ ਵਿੱਚ ਕਾਫੀ ਸਫ਼ਲਤਾ ਮਿਲੇਗੀ। ਇਸ ਦੌਰਾਨ ਉਨ੍ਹਾਂ ਬੁੱਢਾ ਨਾਲ਼ਾ ਦਾ ਦੌਰਾ ਕਰਦਿਆਂ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਣਗੇ ਤਾਂ ਜੋ ਇਸ ਵਿੱਚ ਬੁਨਿਆਦੀ ਸੁਧਾਰ ਲਿਆਉਣ ਲਈ ਖਾਕਾ ਤਿਆਰ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਿਲ੍ਹਾ ਲੁਧਿਆਣਾ ਵਿੱਚ ਬਤੌਰ ਕੈਬਨਿਟ ਮੰਤਰੀ ਪਹੁੰਚਣ ‘ਤੇ ਲੁਧਿਆਣਾ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਸ੍ਰੀ ਰਾਕੇਸ਼ ਪਾਂਡੇ, ਸ੍ਰੀ ਸੁਰਿੰਦਰ ਡਾਬਰ, ਸ੍ਰੀ ਸੰਜੇ ਤਲਵਾੜ, ਸ੍ਰੀ ਸੰਜੇ ਤਲਵਾੜ (ਸਾਰੇ ਵਿਧਾਇਕ), ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਸ੍ਰ. ਕਾਹਨ ਸਿੰਘ ਪੰਨੂੰ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਸ੍ਰ. ਸੁਖਚੈਨ ਸਿੰਘ ਗਿੱਲ, ਨਗਰ ਨਿਗਮ ਕਮਿਸ਼ਨਰ ਸ੍ਰ. ਜਸਕਿਰਨ ਸਿੰਘ, ਵਿਭਾਗੀ ਅਧਿਕਾਰੀ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *

*